ਫ਼ਾਜ਼ਿਲਕਾ, 21 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਜੀਵਨਜੋਤ 2.0 ਨੂੰ ਜ਼ਿਲ੍ਹੇ 'ਚ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਇੱਥੇ ਅਧਿਕਾਰੀਆਂ ਨਾਲ ਬੈਠਕ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਤਹਿਤ ਟੀਮਾਂ ਬਣਾ ਕੇ ਬਾਲ ਭਿੱਖਿਆ ਰੋਕਣ ਲਈ ਜ਼ਿਲ੍ਹੇ 'ਚ ਕਾਰਵਾਈ ਕੀਤੀ ਜਾਵੇ ਤੇ ਜਿੱਥੇ ਕਿਤੇ ਜ਼ਰੂਰਤ ਮਹਿਸੂਸ ਹੋਵੇ ਬੱਚਿਆਂ ਦਾ ਡੀ.ਐਨ.ਏ ਟੈੱਸਟ ਵੀ ਕਰਵਾਇਆ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚਿਆਂ ਨੂੰ ਅਗਵਾ ਕਰਕੇ ਜਾਂ ਕਿਸੇ ਗ਼ਲਤ ਤਰੀਕੇ ਨਾਲ ਕਿਸੇ ਗਿਰੋਹ ਵਲੋਂ ਭੀਖ ਨਾ ਮੰਗਵਾਈ ਜਾ ਰਹੀ ਹੋਵੇ | ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਲੋਕਾਂ ਨੂੰ 5 ਸਾਲ ਤੱਕ ਦੀ ਸਜ਼ਾ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ | ਇਸੇ ਤਰ੍ਹਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦੇ ਮਾਦਕ ਪਦਾਰਥ ਦੇਣ ਵਾਲੇ ਨੂੰ 7 ਸਾਲ ਤੱਕ ਦੀ ਸਜਾ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ | ਇਸੇ ਤਰ੍ਹਾਂ ਬੱਚਿਆਂ ਦੀ ਤਸਕਰੀ ਕਰਨ ਵਾਲੇ ਨੂੰ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਤੇ ਜੁਰਮਾਨਾ ਹੋ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਟੀਮ ਜਦੋਂ ਕਿਸੇ ਭੀਖ ਮੰਗ ਰਹੇ ਬੱਚੇ ਨੂੰ ਰੈਸਕਿਉ ਕਰੇ ਤਾਂ ਉਸ ਨੂੰ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕਰੇ ਜਿਨ੍ਹਾਂ ਵਲੋਂ ਜੇ.ਜੇ ਐਕਟ ਤਹਿਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਵੀ ਕਿਹਾ ਕਿ ਜੇਕਰ ਕੋਈ ਬੱਚਾ ਲੰਬਾ ਸਮਾਂ ਸਕੂਲ ਤੋਂ ਗ਼ੈਰਹਾਜ਼ਰ ਰਹਿੰਦਾ ਹੈ ਤਾਂ ਉਸ ਸਬੰਧੀ ਵੀ ਪੜਤਾਲ ਕੀਤੀ ਜਾਵੇ | ਬੈਠਕ 'ਚ ਜ਼ਿਲ੍ਹਾ ਬਾਲ ਕਮੇਟੀ ਦੇ ਚੇਅਰਪਰਸਨ ਨਵੀਨ ਜਸੂਜਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਵਦੀਪ ਕੌਰ, ਡੀ.ਸੀ.ਪੀ.ਓ ਰਿਤੂ ਬਾਲਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਐਰਿਕ, ਜ਼ਿਲ੍ਹਾ ਸਿੱਖਿਆ ਅਫ਼ਸਰ ਅਜੈ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਵਿੰਦਰ ਸਿੰਘ, ਪੁਲਿਸ ਵਿਭਾਗ ਤੋਂ ਵੀਨਾ ਰਾਣੀ ਵੀ ਹਾਜ਼ਰ ਸਨ |