ਅਬੋਹਰ, 19 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਨਾਨਕਸਰ ਟੋਭਾ ਵਿਖੇ ਇਕ ਪਰਿਵਾਰ ਸੰਸਕਾਰ ਉਪਰੰਤ ਮਿ੍ਤਕ ਰਸਮਾਂ ਅਤੇ ਅਰਦਾਸ ਕਰਵਾਉਣ ਲਈ ਗੁਰਦੁਆਰਾ ਆਇਆ ਸੀ, ਪਰ ਉਨ੍ਹਾਂ ਨੂੰ ਨਾ ਸਿਰਫ਼ ਛੋਟਾ ਦਰਬਾਰ ਹਾਲ ਬੰਦ ਪਿਆ ਮਿਲਿਆ, ਸਗੋਂ ਪ੍ਰਬੰਧਕਾਂ ਵਲੋਂ ਵੀ ਮਾੜਾ ਵਿਵਹਾਰ ਕੀਤਾ ਗਿਆ, ਜਿਸ ਸੰਬੰਧੀ ਪੀੜਤ ਪਰਿਵਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨੋਟਿਸ ਲੈਂਦੇ ਹੋਏ ਪਰਿਵਾਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਅਤੇ ਮਰਿਆਦਾ ਭੰਗ ਕਰਨ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਜਦ ਕਿ ਦੂਜੇ ਪਾਸੇ ਪ੍ਰਬੰਧਕਾਂ ਨੇ ਅਨਜਾਣੇ ਵਿਚ ਪ੍ਰਬੰਧਾਂ ਵਿਚ ਹੋਈ ਦੇਰੀ ਅਤੇ ਗ਼ਲਤੀ ਲਈ ਮੁਆਫ਼ੀ ਮੰਗੀ ਹੈ | ਇਸ ਸੰਬੰਧੀ ਇੰਦਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਐੱਸ.ਬੀ.ਐੱਸ. ਨਗਰ ਵਾਸੀ ਮੇਰੇ ਤਾਇਆ ਦਲੀਪ ਸਿੰਘ ਦੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਸੰਸਕਾਰ 4 ਵਜੇ ਫ਼ਾਜ਼ਿਲਕਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਇਸ ਸੰਬੰਧੀ ਅੰਤਿਮ ਰਸਮਾਂ ਦੇ ਪਾਠ ਅਤੇ ਅਰਦਾਸ ਲਈ ਸਭ ਰਿਸ਼ਤੇਦਾਰ ਅਤੇ ਕਰੀਬੀ ਪੂਰੀ ਸ਼ਰਧਾ ਨਾਲ ਗੁਰੂਘਰ ਆਏ ਸਨ ਅਤੇ ਅਰਦਾਸ ਕਰਵਾ ਕੇ ਦੇਗ ਵੀ ਵਰਤਾਈ ਜਾਣੀ ਸੀ ਜਦ ਕਿ ਉਨ੍ਹਾਂ ਸਵੇਰੇ ਹੀ ਪ੍ਰਬੰਧਕਾਂ ਤੋਂ ਪਰਚੀ ਕਟਵਾ ਕੇ ਉਕਤ ਰਸਮਾਂ ਬਾਬਤ ਅਗਾੳਾੂ ਸੂਚਨਾ ਦੇ ਦਿੱਤੀ ਸੀ ਪਰ ਜਦ ਉਹ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰ ਨਾਲ ਸੰਸਕਾਰ ਉਪਰੰਤ ਗੁਰੂ ਘਰ ਪਹੁੰਚੇ ਤਾਂ ਛੋਟੇ ਦਰਬਾਰ ਸਾਹਿਬ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਨਾ ਤਾਂ ਕੋਈ ਪਾਠੀ ਮੌਜੂਦ ਸੀ ਅਤੇ ਨਾ ਹੀ ਕੋਈ ਦੇਗ ਤਿਆਰ ਸੀ | ਮਿ੍ਤਕ ਦੇ ਪੁੱਤਰ ਖੁਸ਼ਵੰਤ ਸਿੰਘ, ਭਰਾ ਜਸਪਾਲ ਸਿੰਘ, ਗੋਪਾਲ ਸਿੰਘ, ਮਾਨ ਸਿੰਘ ਆਦਿ ਨੇ ਦੱਸਿਆ ਜਦ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧ ਸੁਚੱਜੇ ਨਾ ਹੋਣ ਬਾਬਤ ਉਨ੍ਹਾਂ ਦਫ਼ਤਰ ਬੈਠੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਲੋਂ ਪ੍ਰਬੰਧ ਕੀਤੇ ਜਾਣ ਬਜਾਏ ਗੱਲਬਾਤ ਦੇ ਦੌਰਾਨ ਮਾੜਾ ਵਿਵਹਾਰ ਕੀਤਾ ਗਿਆ ਜਦ ਰੌਲਾ ਸੁਣ ਕੇ ਬਾਕੀ ਪ੍ਰਬੰਧਕ ਆਏ ਤਾਂ ਉਸ ਮੈਨੇਜਰ ਨੂੰ ਭਜਾ ਦਿੱਤਾ ਗਿਆ | ਗੁਰਦੁਆਰਾ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਕਈ ਰਿਸ਼ਤੇਦਾਰ ਅਤੇ ਕਰੀਬੀ ਬਿਨਾਂ ਅਰਦਾਸ ਵਿਚ ਸ਼ਾਮਲ ਹੋਏ ਵਾਪਸ ਮੁੜ ਗਏ, ਜਿਸ ਕਾਰਨ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਅਤੇ ਸ਼ਰਧਾ ਨੂੰ ਠੇਸ ਪਹੁੰਚੀ ਹੈ | ਇਸ ਤੋਂ ਬਾਅਦ ਜਲਦੀ ਵਿਚ ਸਾਰੀਆਂ ਰਸਮਾਂ ਨੂੰ ਨਿਬੇੜਿਆ ਗਿਆ ਅਤੇ ਸਮਾਪਤੀ ਉਪਰੰਤ ਦੇਗ ਦੇਣ ਦੌਰਾਨ ਵੀ ਭੇਦਭਾਵ ਕੀਤਾ ਗਿਆ | ਗੁਰਸਿੱਖ ਅਤੇ ਅੰਮਿ੍ਤਧਾਰੀ ਪਰਿਵਾਰ ਨੇ ਉਕਤ ਘਟਨਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ ਹੈ | ਇਸ ਬਾਬਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਪਰਿਵਾਰਿਕ ਮੈਂਬਰ ਸਵੇਰੇ ਪਰਚੀ ਕਟਾਉਣ ਆਏ ਸੀ ਪਰ ਉਸ ਤੋਂ ਬਾਅਦ ਕੋਈ ਪਰਿਵਾਰਕ ਮੈਂਬਰ ਨਹੀਂ ਆਇਆ ਅਤੇ ਜਦ ਅੰਤਿਮ ਸੰਸਕਾਰ ਕਰਕੇ ਪਰਿਵਾਰ ਗੁਰੂ ਘਰ ਪਹੁੰਚਿਆ ਤਾਂ ਪਾਠੀ ਨੂੰ ਸੂਚਨਾ ਦੇ ਦਿੱਤੀ ਸੀ ਅਤੇ ਦੇਗ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਗਈ ਸੀ | ਜਿਸ ਵਿਚ ਸਮਾਂ ਜ਼ਿਆਦਾ ਲੱਗਿਆ ਪਰ ਅਸੀਂ ਪਰਿਵਾਰਿਕ ਮੈਂਬਰਾਂ ਨਾਲ ਕੋਈ ਮਾੜਾ ਵਿਵਹਾਰ ਨਹੀਂ ਕੀਤਾ | ਦੂਜੇ ਪਾਸੇ ਪਾਠੀ ਨੇ ਦੱਬੀ ਜ਼ੁਬਾਨ ਵਿਚ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਮਿ੍ਤਕ ਰਸਮਾਂ ਸੰਬੰਧੀ ਕੋਈ ਅਗਾਊਾ ਸੂਚਨਾ ਨਹੀਂ ਦਿੱਤੀ ਸੀ ਅਤੇ ਸੂਚਨਾ ਮਿਲਦੇ ਹੀ ਇਸ਼ਨਾਨ ਕਰਨ ਅਤੇ ਹੋਰ ਤਿਆਰੀਆਂ ਵਿਚ ਸਮਾਂ ਜ਼ਿਆਦਾ ਲੱਗ ਗਿਆ | ਇਸ ਸੰਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗ਼ਲਤੀ ਨਾਲ ਮੈਨੇਜਰ ਜਾਂ ਪਾਠੀ ਸਿੰਘ ਪ੍ਰੋਗਰਾਮ ਬਾਬਤ ਭੁੱਲ ਗਏ ਜਿਸ ਕਾਰਨ ਪਰਿਵਾਰ ਨੂੰ ਦੇਰੀ ਲੱਗੀ ਪਰ ਉਨ੍ਹਾਂ ਕਿਸੇ ਨੂੰ ਮਾੜਾ ਨਹੀਂ ਬੋਲਿਆ ਸਗੋਂ ਪਰਿਵਾਰ ਨੇ ਪ੍ਰਬੰਧਕਾਂ ਨੂੰ ਕਾਫ਼ੀ ਮੰਦੇ ਸ਼ਬਦ ਬੋਲੇ ਪਰ ਫਿਰ ਵੀ ਅਸੀਂ ਆਪਣੀ ਗ਼ਲਤੀ ਮੰਨਦੇ ਹੋਏ ਦੇਰੀ ਲਈ ਪਰਿਵਾਰ ਤੋਂ ਖਿਮਾ ਮੰਗਦੇ ਹੋਏ ਜਲਦੀ ਵਿਚ ਸਾਰੇ ਪ੍ਰਬੰਧ ਕਰਵਾਏ |