ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਵਿਚ ਪਿੰਡ ਸ਼ਤੀਰ ਵਾਲਾ, ਖਿਓਵਾਲੀ ਢਾਬ, ਬਾਰੇਕਾਂ ਤੇ ਰੂਪਨਗਰ ਵਿਖੇ ਜਾਗਰੂਕਤਾ ਸਮਾਗਮ ਕਰਵਾਏ ਗਏ | ਜਿਨ੍ਹਾਂ 'ਚ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਹੁਣ ਸਪਲਾਈ ਲਾਈਨ ਟੁੱਟ ਚੁੱਕੀ ਹੈ, ਜਿਸ ਕਾਰਨ ਨਸ਼ੇ ਤੋਂ ਪੀੜਤ ਲੋਕ ਇਲਾਜ ਲਈ ਅੱਗੇ ਆ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਨਸ਼ੇ ਤੋਂ ਪੀੜਤ ਲੋਕਾਂ ਦਾ ਸਰਕਾਰ ਵਲੋਂ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਵਿਚ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿਓ ਅਤੇ ਜੇਕਰ ਕੋਈ ਨਸ਼ੇ ਕਰਦਾ ਹੈ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾਵੇ | ਵਿਧਾਇਕ ਨੇ ਆਖਿਆ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਨਾਸ ਤੱਕ ਇਸ ਮੁਹਿੰਮ ਨੂੰ ਜਾਰੀ ਰੱਖੇਗੀ | ਇਸ ਮੌਕੇ ਉਨ੍ਹਾਂ ਦੇ ਧਰਮ ਪਤਨੀ ਖ਼ੁਸ਼ਬੂ ਸਾਵਨ ਸੁੱਖਾ ਸਵਨਾ ਨੇ ਆਖਿਆ ਕਿ ਨੌਜਵਾਨ ਦੇਸ਼ ਦੀ ਧਰੋਹਰ ਹਨ ਅਤੇ ਇਨ੍ਹਾਂ ਨੂੰ ਬਚਾਉਣ ਲਈ ਸਰਕਾਰ ਨੇ ਇਹ ਵਿਆਪਕ ਮੁਹਿੰਮ ਆਰੰਭ ਕੀਤੀ ਹੈ ਅਤੇ ਇਸ 'ਚ ਸਮਾਜਿਕ ਭਾਗੀਦਾਰੀ ਬਹੁਤ ਜ਼ਰੂਰੀ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ ਹਰਮੰਦਰ ਸਿੰਘ, ਦਲੀਪ ਸਹਾਰਨ ਵੀ ਹਾਜ਼ਰ ਸਨ | ਇਸ ਦੌਰਾਨ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਸਤੀਰਵਾਲਾ ਵਿਚ 1.12 ਕਰੋੜ ਰੁਪਏ ਨਾਲ ਬਣੇ ਖਾਲਿਆਂ ਦਾ ਉਦਘਾਟਨ ਕੀਤਾ | ਉਨ੍ਹਾਂ ਨੇ ਦੱਸਿਆ ਕਿ ਪਿੰਡ ਸ਼ਤੀਰ ਵਾਲਾ ਅਤੇ ਪਿੰਡ ਟਿੱਲਾਂਵਾਲੀ ਵਿਖੇ 6 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ ਕਰਾਏ ਗਏ ਹਨ | ਉਨ੍ਹਾਂ ਨੇ ਟਿਲਾਂ ਵਾਲੀ ਪਿੰਡ 'ਚ 86 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੱਕੇ ਖਾਲ਼ਾਂ ਦਾ ਵੀ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੇ ਖੇਤਾਂ ਤੱਕ ਪੂਰਾ ਪਾਣੀ ਪਹੁੰਚੇਗਾ | ਇਸ ਤੋਂ ਬਿਨਾਂ ਪਿੰਡ ਨੂੰ ਸਿੰਚਾਈ ਦੇਣ ਵਾਲੀ ਨਹਿਰ ਨੂੰ ਵੀ ਸਰਕਾਰ ਨੇ ਪੱਕਾ ਕੀਤਾ ਹੈ | ਇਸ ਤੋਂ ਬਿਨਾਂ ਪਿੰਡ ਵਿਚ ਵਾਲੀਬਾਲ ਗਰਾਊਾਡ ਬਣਾਇਆ ਜਾਵੇਗਾ | ਪਿੰਡ ਖਿਓਵਾਲੀ ਵਿਚ ਵੀ 58 ਲੱਖ ਨਾਲ ਬਣੇ ਖਾਲ਼ਿਆਂ ਦਾ ਉਦਘਾਟਨ ਕੀਤਾ ਗਿਆ |