ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਜੀਵਨ ਦੇ ਮੁੱਢਲੇ ਪੱਧਰ ਤੋਂ ਹੀ ਇਕ ਸਮਰੱਥ ਨਾਗਰਿਕ ਬਣਾਉਣ ਦੀ ਨੀਂਹ ਮਜ਼ਬੂਤ ਕਰਦਿਆਂ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਕ ਵਿਆਪਕ ਯੋਜਨਾਬੰਦੀ ਉਲੀਕੀ ਹੈ | ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਿੱਖਿਆ ਵਿਭਾਗ ਵਲੋਂ ਹਰ ਸਕੂਲ 'ਚ ਇਸ ਸੰਬੰਧੀ ਗਤੀਵਿਧੀਆਂ ਆਰੰਭ ਕੀਤੀਆਂ ਜਾ ਰਹੀਆਂ ਹਨ | ਇਸ ਤਹਿਤ ਪੰਜ ਸੈਕਸ਼ਨਾਂ ਪਿੱਛੇ ਇਕ ਅਧਿਆਪਕ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ | ਇਸੇ ਕਰਮ 'ਚ ਵਿਭਾਗੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਅਜੇ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ 'ਚ ਮੀਰਾ ਕਾਲਜ ਆਫ਼ ਨਰਸਿੰਗ ਅਬੋਹਰ, ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਤੇ ਸਕੂਲ ਆਫ਼ ਐਮੀਨੈਂਸ ਜਲਾਲਾਬਾਦ 'ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਧੀਨ ਡਰੱਗ ਪ੍ਰੀਵੈਂਸ਼ਨ ਦੋ ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ, ਜਿਸ 'ਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਲਗਭਗ 240 ਅਧਿਆਪਕਾਂ, ਲੈਕਚਰਾਰਾਂ ਨੇ ਭਾਗ ਲਿਆ | ਰਾਜ ਪੱਧਰ ਤੋਂ ਟਰੇਨਿੰਗ ਪ੍ਰਾਪਤ ਕਰ ਚੁੱਕੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਵਲੋਂ ਇਹ ਟਰੇਨਿੰਗ ਕਰਵਾਈ ਗਈ | ਜ਼ਿਲ੍ਹਾ ਨੋਡਲ ਅਫ਼ਸਰ ਵਿਜੈਪਾਲ ਤੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਇਸ਼ਾਨ ਠਕਰਾਲ ਨੇ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਅਤੇ ਸਕੂਲ ਆਫ਼ ਐਮੀਨੈਂਸ ਜਲਾਲਾਬਾਦ 'ਚ ਟ੍ਰੇਨਿੰਗ ਲੈ ਰਹੇ ਅਧਿਆਪਕਾਂ, ਲੈਕਚਰਾਰਾਂ ਨੂੰ ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ | ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ 'ਚ ਡਾਕਟਰ ਵਲੋਂ ਇਕ ਡਰੱਗ ਪ੍ਰੀਵੈਂਸ਼ਨ ਤੇ ਸਪੈਸ਼ਲ ਲੈਕਚਰ ਲਗਾਇਆ | ਡਾ. ਰਚਨਾ ਪਿ੍ੰਸੀਪਲ ਡਾਈਟ ਨੇ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ 'ਚ ਆ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੰਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ | ਡਾ. ਸਿਧਾਰਥ (ਮਨੋਰੋਗ ਮਾਹਿਰ) ਨੇ ਅਧਿਆਪਕਾਂ ਨੂੰ ਬੱਚਿਆਂ ਦੀ ਮਨੋਸਥਿਤੀ ਦੇ ਅਵਲੋਕਣ ਦੇ ਗੁਰ ਦੱਸੇ | ਨੋਡਲ ਅਫ਼ਸਰ ਵਿਜੈ ਪਾਲ ਨੇ ਦੱਸਿਆ ਕਿ ਟਰੇਨਿੰਗ ਪ੍ਰਾਪਤ ਅਧਿਆਪਕ ਆਪਣੇ ਸਕੂਲ 'ਚ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਰੱਖਦੇ ਹੋਏ ਉਨ੍ਹਾਂ ਨੂੰ ਲਗਾਤਾਰ ਕਾਊਾਸਲਿੰਗ ਪ੍ਰਦਾਨ ਕਰਨਗੇ ਤਾਂ ਜੋ ਉਨ੍ਹਾਂ ਨੂੰ ਮਾੜੀਆਂ ਆਦਤਾਂ ਤੋਂ ਬਚਾਇਆ ਜਾ ਸਕੇ | ਇਸ ਮੌਕੇ ਬੀ. ਆਰ. ਸੀ. ਸਤਿੰਦਰ ਸਚਦੇਵਾ, ਰੌਸ਼ਨ ਲਾਲ, ਪ੍ਰਵੀਨ ਅੰਗੀ, ਮਨਦੀਪ ਸਿੰਘ, ਹਰਭਜਨ ਸਿੰਘ, ਵਿਨੈ ਵੀ ਹਾਜ਼ਰ ਸਨ |