ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਮਕਾਨ 'ਚੋਂ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਵਿੰਦਰ ਸਿੰਘ ਵਾਸੀ ਬਨਵਾਲਾ ਹਨੂਵੰਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਸਾਲੇ ਦਾ ਮਕਾਨ ਬਾਬਾ ਨਾਮਦੇਵ ਨਗਰ ਨੇੜੇ ਟੀ. ਵੀ. ਟਾਵਰ ਫ਼ਾਜ਼ਿਲਕਾ ਦੇ ਵਿਚ ਹੈ | ਜੋ ਹੁਣ ਕਰੀਬ ਇਕ ਮਹੀਨਾ ਪਹਿਲਾਂ ਆਪਣਾ ਬਾਬਾ ਨਾਮਦੇਵ ਨਗਰ ਫ਼ਾਜ਼ਿਲਕਾ ਵਾਲਾ ਮਕਾਨ ਛੱਡ ਕੇ ਬਠਿੰਡਾ ਵਿਖੇ ਰਹਿਣ ਲੱਗ ਪਏ ਹਨ | ਜਾਣ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੀਆਂ ਚਾਬੀਆਂ ਉਸ ਨੂੰ ਮਕਾਨ ਦੀ ਦੇਖ ਰੇਖ ਲਈ ਦੇ ਕੇ ਚਲੇ ਗਏ ਸਨ | ਉਹ ਹਫ਼ਤੇ 'ਚ ਦੋ ਤਿੰਨ ਵਾਰ ਇਨ੍ਹਾਂ ਦੇ ਮਕਾਨ ਦੀ ਦੇਖ ਰੇਖ ਲਈ ਗੇੜਾ ਮਾਰਨਾ ਆਉਂਦਾ ਰਹਿੰਦਾ ਹੈ | ਅੱਜ ਜਦੋਂ ਉਹ ਆਪਣੇ ਸਾਲੇ ਹਰਬੰਸ ਸਿੰਘ ਦੇ ਮਕਾਨ ਨੂੰ ਗੇੜਾ ਮਾਰਨ ਲਈ ਆਇਆ ਸੀ ਤਾਂ ਉਸ ਨੇ ਦੇਖਿਆ ਕਿ ਮਕਾਨ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਮਕਾਨ ਦੇ ਅੰਦਰਲੇ ਕਮਰਿਆਂ ਦੇ ਤਾਲੇ ਵੀ ਟੁੱਟੇ ਹੋਏ ਸਨ | ਇਸ ਦੌਰਾਨ ਅਣਪਛਾਤੇ ਵਿਅਕਤੀ ਬਾਥਰੂਮ ਤੇ ਇਕ ਰਸੋਈ ਅੰਦਰੋਂ 9 ਟੂਟੀਆਂ ਤੋੜ ਕੇ ਲੈ ਗਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |