17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਗਰ ਨਿਗਮ ਦੀ ਵਾਰਡਬੰਦੀ 'ਚ ਹੇਰਾਫੇਰੀ ਅਤੇ ਨਕਸ਼ੇ ਨੂੰ ਲੁਕਾਉਣ ਵਿਰੁੱਧ ਭਾਜਪਾ ਨੇ ਕੀਤਾ ਵਿਰੋਧ ਪ੍ਰਦਰਸ਼ਨ

ਅਜੀਤ ਡੈਸਕ 27-12-2025
ਪਠਾਨਕੋਟ, 26 ਦਸੰਬਰ (ਸੰਧੂ)– ਆਮ ਆਦਮੀ ਪਾਰਟੀ (ਆਪ) ਸਰਕਾਰ ਵਲੋਂ ਵਾਰਡਬੰਦੀ ਵਿਚ ਹੇਰਾਫੇਰੀ ਅਤੇ ਪ੍ਰਸ਼ਾਸਨ ਵਲੋਂ ਨਕਸ਼ਾ ਮੁਹੱਈਆ ਨਾ ਕਰਵਾਉਣ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਨੇ ਅੱਜ ਨਗਰ ਨਿਗਮ ਵਿਖੇ ਇਕ ਵਿਰੋਧ ਪ੍ਰਦਰਸ਼ਨ ਕੀਤਾ | ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਸਾਬਕਾ ਮੇਅਰ ਅਨਿਲ ਵਾਸੂਦੇਵਾ, ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਨੇਤਾ ਰੋਹਿਤ ਪੁਰੀ ਅਤੇ ਉੱਤਰੀ ਮੰਡਲ ਪ੍ਰਧਾਨ ਨਿਪੁਨ ਗੁਪਤਾ ਨੇ ਕੀਤੀ | ਭਾਜਪਾ ਆਗੂਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਕੰਮਕਾਜ 'ਤੇ ਤਿੱਖੇ ਸਵਾਲ ਉਠਾਏ | ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਲੋਕਤੰਤਰ ਦਾ ਮਜ਼ਾਕ ਹੈ, ਸਰਕਾਰ ਨੇ ਵਾਰਡਬੰਦੀ 'ਤੇ ਇਤਰਾਜ਼ ਦਰਜ ਕਰਨ ਲਈ ਸਿਰਫ਼ ਸੱਤ ਦਿਨ ਦਿੱਤੇ ਹਨ, ਜਿਸ ਵਿਚ ਸੋਮਵਾਰ ਦੀ ਆਖ਼ਰੀ ਮਿਤੀ ਹੈ | ਭਾਜਪਾ ਆਗੂਆਂ ਨੇ ਗੁੱਸਾ ਪ੍ਰਗਟ ਕੀਤਾ ਕਿ ਪ੍ਰਸ਼ਾਸਨ ਨੇ ਸ਼ੁੱਕਰਵਾਰ ਸ਼ਾਮ ਤੱਕ ਵੀ ਵਾਰਡ ਨਕਸ਼ਾ ਜਾਰੀ ਨਹੀਂ ਕੀਤਾ | ਹੁਣ ਸਨਿਚਰਵਾਰ ਅਤੇ ਐਤਵਾਰ ਜਨਤਕ ਛੁੱਟੀਆਂ ਹਨ ਤਾਂ ਜਨਤਾ ਆਪਣੇ ਇਤਰਾਜ਼ ਕਿਵੇਂ ਤੇ ਕਿਸ ਆਧਾਰ 'ਤੇ ਦਰਜ ਕਰਵਾਏਗੀ? ਸਾਬਕਾ ਮੇਅਰ ਅਨਿਲ ਵਾਸੂਦੇਵਾ ਨੇ ਕਿਹਾ ਕਿ 'ਆਪ' ਸਰਕਾਰ ਨੇ ਹਾਰ ਤੋਂ ਡਰਦੇ ਹੋਏ ਵਾਰਡਾਂ ਦੇ ਭੂਗੋਲ ਨਾਲ ਛੇੜਛਾੜ ਕੀਤੀ ਹੈ ਅਤੇ ਇਸ ਨੂੰ ਛੁਪਾਉਣ ਲਈ ਨਕਸ਼ੇ ਨੂੰ ਰੋਕ ਰਹੀ ਹੈ ਅਤੇ ਪ੍ਰਸ਼ਾਸਨ ਜਾਣਬੁੱਝ ਕੇ ਪ੍ਰਕਿਰਿਆ ਵਿਚ ਦੇਰੀ ਕਰ ਰਿਹਾ ਹੈ ਤਾਂ ਜੋ ਸੋਮਵਾਰ ਨੂੰ ਸਮਾਂ ਸੀਮਾ ਖ਼ਤਮ ਹੋ ਜਾਵੇ ਤੇ ਕੋਈ ਇਤਰਾਜ਼ ਦਰਜ ਨਾ ਕੀਤਾ ਜਾ ਸਕੇ | ਇਹ ਜਨਤਾ ਦੀ ਆਵਾਜ਼ ਨੂੰ ਦਬਾਉਣ ਦੀ ਸਿੱਧੀ ਕੋਸ਼ਿਸ਼ ਹੈ | ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਆਗੂ ਰੋਹਿਤ ਪੁਰੀ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ 'ਆਪ' ਦੇ ਏਜੰਟ ਵਜੋਂ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ | ਜੇਕਰ ਇਤਰਾਜ਼ ਦੀ ਸਮਾਂ ਨਹੀਂ ਵਧਾਈ ਜਾਂਦੀ ਤਾਂ ਅਸੀਂ ਇਸ ਤਾਨਾਸ਼ਾਹੀ ਵਿਰੁੱਧ ਬਗ਼ਾਵਤ ਕਰਾਂਗੇ | ਭਾਜਪਾ ਉੱਤਰੀ ਮੰਡਲ ਪ੍ਰਧਾਨ ਨਿਪੁਨ ਗੁਪਤਾ ਨੇ ਕਿਹਾ ਕਿ ਪਠਾਨਕੋਟ ਦੇ ਲੋਕ ਦੇਖ ਰਹੇ ਹਨ | ਨਕਸ਼ੇ ਤੋਂ ਬਿਨਾਂ ਇਤਰਾਜ਼ ਮੰਗਣਾ ਬਿਨਾਂ ਪੇਪਰ ਦੇ ਪ੍ਰੀਖਿਆ ਦੇਣ ਵਾਂਗ ਹੈ | ਭਾਜਪਾ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਇਤਰਾਜ਼ ਦਾਇਰ ਕਰਨ ਦੀ ਸਮਾਂ ਸੀਮਾ ਨਹੀਂ ਵਧਾਈ ਗਈ ਤੇ ਨਕਸ਼ਾ ਤੁਰੰਤ ਉਪਲਬਧ ਨਹੀਂ ਕਰਵਾਇਆ ਗਿਆ ਤਾਂ ਭਾਜਪਾ ਹਾਈ ਕੋਰਟ ਤੱਕ ਪਹੁੰਚ ਕਰੇਗੀ ਤੇ ਇਸ ਗੈਰ-ਸੰਵਿਧਾਨਕ ਪ੍ਰਕਿਰਿਆ ਨੂੰ ਰੱਦ ਕਰਨ ਦੀ ਮੰਗ ਕਰੇਗੀ | ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਰੋਹਿਤ ਪੁਰੀ, ਮੰਡਲ ਪ੍ਰਧਾਨ ਨਿਪੁਨ ਗੁਪਤਾ, ਅਮਨ ਸ਼ਰਮਾ, ਜਨਰਲ ਸਕੱਤਰ ਪ੍ਰਵੀਨ ਕੁਮਾਰ ਪੱਪੀ, ਸਾਬਕਾ ਮੰਡਲ ਪ੍ਰਧਾਨ ਸ਼ਮਸ਼ੇਰ ਠਾਕੁਰ, ਰਾਜ ਕੁਮਾਰ ਸ਼ਰਮਾ, ਰਾਮਪਾਲ ਵਿੱਕੀ, ਨਰਿੰਦਰ ਕਾਲਾ, ਲਵਨੀਸ਼ ਮਹਾਜਨ, ਰਾਜੀਵ ਮਹਿਤਾ ਅਤੇ ਨਿਤੀਸ਼ ਬਲੋਤਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁਜਾਨਪੁਰ ਸ਼ਹਿਰ ਦੇ 15 ਵਾਰਡਾਂ ਦੀ ਕੀਤੀ ਗਈ ਵਾਰਡਬੰਦੀ ਦਾ ਨਕਸ਼ਾ ਨਗਰ ਕੌਂਸਲ ਦਫ਼ਤਰ 'ਚ ਲਗਾਇਆ ਅਗਲੀ ਖ਼ਬਰ ਟੈਂਪੂ ਚੜ੍ਹਾ ਕੇ ਹਿੱਸੇਦਾਰ ਦੀ ਹੱਤਿਆ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।