ਬਟਾਲਾ, 3 ਦਸੰਬਰ (ਸਤਿੰਦਰ ਸਿੰਘ)- ਜ਼ਿਲ੍ਹਾ ਖਜ਼ਾਨਾ ਅਫ਼ਸਰ ਜੋਗਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਵਿੱਤ ਵਿਭਾਗ ਪੰਜਾਬ ਵਲੋਂ ਪੈਨਸ਼ਨਰ ਸੇਵਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਪੰਜਾਬ ਸਰਕਾਰ ਦਾ ਹਰ ਪੈਨਸ਼ਨਰ/ਫੈਮਿਲੀ ਪੈਨਸ਼ਨਰ ਘਰ ਬੈਠ ਕੇ ਹੀ ਪੈਨਸ਼ਨ ਸੇਵਾ ਪੋਰਟਲ ਰਾਹੀਂ ਸਰਕਾਰ ਵਲੋਂ ਮਿਲ ਰਹੀ ਹਰ ਸਹੂਲਤ ਆਨਲਾਇਨ ਮਾਧਿਅਮ ਰਾਹੀਂ ਪ੍ਰਾਪਤ ਕਰ ਸਕਣਗੇ ਜਦਕਿ ਪਹਿਲਾਂ ਅਜਿਹੇ ਕੰਮਾਂ ਲਈ ਪੈਨਸ਼ਨਰਾਂ ਨੂੰ ਬੈਂਕ ਜਾਂ ਜ਼ਿਲ੍ਹਾ ਖ਼ਜ਼ਾਨਾ ਦਫਤਰਾਂ 'ਚ ਆਉਣਾ ਪੈਂਦਾ ਸੀ | ਉਨ੍ਹਾਂ ਪੰਜਾਬ ਸਰਕਾਰ ਦੇ ਸਮੂਹਿਕ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਆਪਣੀ ਪੈਨਸ਼ਨ ਬੁੱਕ, ਆਧਾਰ ਕਾਰਡ, ਆਧਾਰ ਕਾਰਡ ਨਾਲ ਲਿੰਕਡ ਮੋਬਾਈਲ ਨੰਬਰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਤੇ ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੇ ਖਜ਼ਾਨਾ ਦਫਤਰਾਂ (ਗੁਰਦਾਸਪੁਰ, ਬਟਾਲਾ, ਕਾਦੀਆਂ, ਡੇਰਾ ਬਾਬਾ ਨਾਨਕ, ਪਠਾਨਕੋਟ, ਜੁਗਿਆਲ ਤੇ ਨਰੋਟ ਜ਼ੈਮਲ ਸਿੰਘ) ਨਾਲ ਸੰਪਰਕ ਕਰਨ ਤਾਂ ਜੋ ਪੈਨਸ਼ਨਰਾਂ ਦੀ ਈ.ਕੇ.ਵਾਈ.ਸੀ. ਦਾ ਕੰਮ ਮੁਕੰਮਲ ਕਰ ਕੇ ਉਨ੍ਹਾਂ ਨੂੰ ਪੈਨਸ਼ਨਰ ਸੇਵਾ ਪੋਰਟਲ ਨਾਲ ਜੋੜਿਆ ਜਾ ਸਕੇ | ਜੋਗਿੰਦਰ ਸ਼ਰਮਾ ਨੇ ਦੱਸਿਆ ਕਿ 4 ਤੋਂ 6 ਦਸੰਬਰ ਤੱਕ ਜ਼ਿਲ੍ਹਾ ਗੁਰਦਾਸਪੁਰ ਤੇ ਜ਼ਿਲ੍ਹਾ ਪਠਾਨਕੋਟ ਦੇ ਹਰ ਖਜ਼ਾਨਾ ਦਫਤਰਾਂ 'ਚ ਵਿਸ਼ੇਸ਼ ਕਾਊਾਟਰ ਲਗਾ ਕੇ ਇਸ ਕੰਮ ਨੂੰ ਮੁਕੰਮਲ ਕੀਤਾ ਜਾਵੇਗਾ |