ਸ਼ਾਹਪੁਰ ਕੰਢੀ, 20 ਨਵੰਬਰ (ਰਣਜੀਤ ਸਿੰਘ)- ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਜਸਵੰਤ ਸਿੰਘ ਸੰਧੂ ਤੇ ਰੌਸ਼ਨ ਲਾਲ ਭਗਤ ਦੀ ਪ੍ਰਧਾਨਗੀ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਡੈਮ ਔਸਤੀ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਆਗੂਆਂ ਨੇ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਕਿ ਡੈਮ ਔਸਤੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪਿਛਲੇ 232 ਦਿਨਾਂ ਤੋਂ ਭੁੱਖ ਹੜਤਾਲ ਉਪਰ ਬੈਠੇ ਹੋਏ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਡੈਮ ਔਸਤੀਆਂ ਨੇ ਆਪਣੀਆਂ ਜ਼ਮੀਨਾਂ, ਘਰ ਤੇ ਦੁਕਾਨ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਨਿਰਮਾਣ ਲਈ ਦਿੱਤੀਆਂ ਪਰ ਸਰਕਾਰ ਨੇ ਬਦਲੇ ਵਿਚ ਨਾ ਜ਼ਮੀਨਾਂ ਦੇ ਪੂਰੇ ਪੈਸੇ ਦਿੱਤੇ ਤੇ ਨਾ ਹੀ ਉਜੜਨ ਭੱਤਾ ਦਿੱਤਾ, ਆਰ.ਐਂਡ.ਆਰ. ਪਾਲਿਸੀ ਤਹਿਤ ਸਾਰੇ ਪ੍ਰਭਾਵਿਤ ਪਰਿਵਾਰ ਨੌਕਰੀ ਦੇ ਹੱਕਦਾਰ ਹਨ ਪਰ ਸਰਕਾਰ ਗਰੀਬ ਲੋਕਾਂ ਦੇ ਹੱਕ ਮਾਰ ਰਹੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨ੍ਹਾ ਚਿਰ ਡੈਮ ਔਸਤੀ ਹੱਕ ਨਹੀਂ ਪ੍ਰਾਪਤ ਕਰ ਲੈਂਦੇ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਪ੍ਰਧਾਨ ਸੋਹਨ ਲਾਲ, ਮਹਿੰਦਰ ਸਿੰਘ, ਰਵਿੰਦਰ ਕੁਮਾਰ, ਅਮਿਤ ਕੁਮਾਰ, ਵਿਨੋਦ ਸ਼ਰਮਾ, ਉਪਦੇਸ਼ ਸ਼ਰਮਾ ਤੇ ਅਮਿਤ ਸ਼ਰਮਾ ਆਦਿ ਹਾਜ਼ਰ ਸਨ |