ਬਟਾਲਾ, 18 ਨਵੰਬਰ (ਰਾਕੇਸ਼ ਰੇਖੀ)-ਪੁਲਿਸ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਮਹੱਤਵਪੂਰਨ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਸੰਵੇਦਨਸ਼ੀਲ ਨਸ਼ੀਲਾ ਪਦਾਰਥ 'ਆਈਸ' ਬਰਾਮਦ ਕਰ ਕੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮੰਗਲਵਾਰ ਨੂੰ ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 5 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ | ਥਾਣਾ ਕਿਲ੍ਹਾ ਲਾਲ ਸਿੰਘ ਦੇ ਐੱਸ.ਐੱਚ.ਓ. ਇੰਸਪੈਕਟਰ ਪ੍ਰਭਜੋਤ ਸਿੰਘ ਅਟਵਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ | ਇਸ ਦੌਰਾਨ ਸੂਚਨਾ ਮਿਲੀ ਕਿ 2 ਨੌਜਵਾਨ ਪਲਸਰ ਮੋਟਰਸਾਈਕਲ 'ਤੇ ਅਲੀਵਾਲ ਨਹਿਰ ਦੇ ਨਾਲ ਪੱਕੀ ਸੜਕ ਤੋਂ ਕਿਲ੍ਹਾ ਲਾਲ ਸਿੰਘ ਵੱਲ ਆ ਰਹੇ ਹਨ, ਜਿਨਾਂ ਕੋਲ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਹੈ | ਸੂਚਨਾ ਮਿਲਦਿਆਂ ਹੀ ਪੁਲਿਸ ਨੇ ਨਵੇਂ ਬਣ ਰਹੇ ਪੁਲ ਦੇ ਹੇਠ ਨਾਕਾਬੰਦੀ ਕਰ ਦਿੱਤੀ | ਇਸ ਦੌਰਾਨ ਪਲਸਰ ਮੋਟਰਸਾਈਕਲ 'ਤੇ ਆਏ 2 ਨੌਜਵਾਨ ਉਥੇ ਆ ਗਏ | ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਫ਼ਤਹਿਗੜ੍ਹ ਚੂੜੀਆਂ ਵਿਪਨ ਕੁਮਾਰ ਵੀ ਮੌਕੇ 'ਤੇ ਪਹੁੰਚ ਗਏ | ਪੁਲਿਸ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕਰਨ 'ਤੇ ਪੁਲਿਸ ਨੇ ਦੋਵਾਂ ਨੂੰ ਦਬੋਚ ਲਿਆ | ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 492 ਗ੍ਰਾਮ ਹੈਰੋਇਨ ਅਤੇ 446 ਗ੍ਰਾਮ ਆਈਸ ਬਰਾਮਦ ਕੀਤੀ ਗਈ | ਆਈਸ ਨੂੰ ਅਤਿ ਸੰਵੇਦਨਸ਼ੀਲ ਨਸ਼ਾ ਮੰਨਿਆ ਜਾਂਦਾ ਹੈ, ਜਿਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਸਾਹਿਲਪ੍ਰੀਤ ਸਿੰਘ ਵਾਸੀ ਅਕਾਲਗੜ੍ਹ ਢਪੱਈਆਂ ਅਤੇ ਵਰਿੰਦਰ ਸਿੰਘ ਵਾਸੀ ਖਲਹਿਰਾ ਥਾਣਾ ਜੰਡਿਆਲਾ ਗੁਰੂ ਦੇ ਤੌਰ 'ਤੇ ਕੀਤੀ ਗਈ ਹੈ | ਪੁਲਿਸ ਨੇ ਉਨ੍ਹਾਂ ਤੋਂ ਇਕ ਮੋਟਰਸਾਈਕਲ ਅਤੇ 2 ਮੋਬਾਇਲ ਫ਼ੋਨ ਬਰਾਮਦ ਕੀਤੇ ਹਨ |