ਬਟਾਲਾ, 18 ਨਵੰਬਰ (ਰਾਕੇਸ਼ ਰੇਖੀ)-ਦਿਮਾਗੀ ਤੌਰ 'ਤੇ ਬਿਮਾਰ ਔਰਤ ਦੀ ਹਾਲਤ ਦਾ ਫਾਇਦਾ ਉਠਾ ਕੇ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਇਕ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸੇਖਵਾਂ ਵਿਚ ਦਰਜ ਇਸ ਮਾਮਲੇ ਦੀ ਜਾਂਚ ਐੱਸ.ਐੱਚ.ਓ. ਸਬ-ਇੰਸਪੈਕਟਰ ਰਜਵੰਤ ਕੌਰ ਕਰ ਰਹੇ ਹਨ | ਥਾਣੇ ਹੇਠ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਇਕ ਨਿੱਜੀ ਸੰਸਥਾ ਵਿਚ ਛੋਟੀ-ਮੋਟੀ ਨੌਕਰੀ ਕਰਦੀ ਹੈ | ਉਸ ਦੀ ਕਰੀਬ 40 ਸਾਲ ਦੀ ਇਕ ਬੇਟੀ ਹੈ, ਜੋ ਦਿਮਾਗੀ ਤੌਰ 'ਤੇ ਸਾਧਾਰਨ ਹੈ | ਬੀਤੇ ਦਿਨ ਸਵੇਰੇ 9 ਵਜੇ ਰੋਜ਼ ਦੀ ਤਰ੍ਹਾਂ ਉਹ ਆਪਣੇ ਕੰਮ 'ਤੇ ਚਲੀ ਗਈ ਸੀ | ਸ਼ਾਮ ਕਰੀਬ 6 ਵਜੇ ਆਪਣੇ ਕੰਮ ਤੋਂ ਛੱੁਟੀ ਕਰ ਕੇ ਵਾਪਸ ਘਰ ਆਈ ਤਾਂ ਉਸ ਦੀ ਬੇਟੀ ਉਸ ਨੂੰ ਦੇਖ ਕੇ ਰੋਣ ਲੱਗ ਪਈ | ਉਸ ਵਲੋਂ ਪੁੱਛੇ ਜਾਣ 'ਤੇ ਬੇਟੀ ਨੇ ਦੱਸਿਆ ਕਿ ਪਿੰਡ ਦਾ ਇਕ ਲੜਕਾ ਘਰ ਆਇਆ ਅਤੇ ਉਸ ਨੂੰ ਲਾਲਚ ਦੇ ਕੇ ਆਪਣੇ ਨਾਲ ਕਿਸੇ ਦੇ ਕਮਾਦ ਦੇ ਖੇਤ ਵਿਚ ਲੈ ਗਿਆ ਅਤੇ ਜਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ | ਪੁਲਿਸ ਨੇ ਮਾਂ ਦੇ ਬਿਆਨ 'ਤੇ ਬੇਟੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਨਿਰਮਲ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |