ਬਟਾਲਾ, 18 ਨਵੰਬਰ (ਸਤਿੰਦਰ ਸਿੰਘ)-ਜੇ.ਯੂ.ਐੱਸ.ਐੱਸ. ਇੰਟਰਨੈਸ਼ਨਲ ਸਕੂਲ ਸੇਖਵਾਂ, ਜੋ ਕਿ ਸੀ.ਬੀ.ਐੱਸ.ਈ. ਵਲੋਂ ਮਾਨਤਾ ਪ੍ਰਾਪਤ ਹੈ, ਵਲੋਂ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਗਾਇਆ ਗਿਆ | ਇਸ ਟੂਰ ਵਿਚ ਵਿਦਿਆਰਥੀਆਂ ਨੂੰ ਜਲੰਧਰ ਵਿਖੇ ਕਪੂਰਥਲਾ ਰੋਡ 'ਤੇ ਸਥਿਤ ਸਾਇੰਸ ਸਿਟੀ ਵਿਖੇ ਲਿਜਾਇਆ ਗਿਆ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਵਰਤਮਾਨ ਯੁੱਗ ਟੈਕਨਾਲੋਜੀ ਦਾ ਯੁੱਗ ਹੈ, ਇਸ ਲਈ ਵਿਦਿਆਰਥੀਆਂ ਨੂੰ ਸਾਇੰਸ ਦੀ ਟੈਕਨਾਲੋਜੀ ਬਾਰੇ ਵਧੇਰੇ ਜਾਣਕਾਰੀ ਹੋਣੀ ਚਾਹੀਦੀ ਹੈ | ਇਸ ਮਕਸਦ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਵਿਖੇ ਬਣੀਆਂ ਹੋਈਆਂ ਚੀਜ਼ਾਂ ਤੋਂ ਜਾਣੂ ਕਰਵਾਇਆ ਗਿਆ | ਉਥੇ ਦਿਖਾਏ ਗਏ ਸ਼ੋਅ ਤੋਂ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਵੱਧ ਰਿਹਾ ਪ੍ਰਦੂਸ਼ਣ ਧਰਤੀ ਲਈ ਬਹੁਤ ਹੀ ਖ਼ਤਰਨਾਕ ਸਿੱਧ ਹੋ ਰਿਹਾ ਹੈ ਤੇ ਜੇਕਰ ਇਹ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਆਕਸੀਜਨ ਖ਼ਤਮ ਹੋ ਜਾਵੇਗੀ ਤੇ ਇਨਸਾਨਾਂ ਦਾ ਜਿਊਣਾ ਮੁਸ਼ਕਿਲ ਹੋ ਜਾਵੇਗਾ | ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿਖੇ ਹਰ ਚੀਜ ਨੂੰ ਪੂਰੀ ਦਿਲਚਸਪੀ ਨਾਲ ਦੇਖਿਆ ਤੇ ਉਸ ਨਾਲ ਸਬੰਧਤ ਹਰ ਜਾਣਕਾਰੀ ਆਪਣੇ ਅਧਿਆਪਕ ਤੋਂ ਪ੍ਰਾਪਤ ਕੀਤੀ | ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਜਲੰਧਰ ਵਿਖੇ ਬਣੀ ਹੋਈ ਪੁਰਾਤਨ ਹਵੇਲੀ ਵਿਖੇ ਲਿਜਾਇਆ ਗਿਆ, ਉਥੇ ਪੁਰਾਤਨ ਵਿਰਸੇ ਨਾਲ ਸਬੰਧਤ ਚੀਜ਼ਾਂ ਵਿਦਿਆਰਥੀਆਂ ਨੇ ਦੇਖੀਆਂ ਤੇ ਉਨ੍ਹਾਂ ਦੀ ਵਰਤੋਂ ਬਾਰੇ ਆਪਣੇ ਅਧਿਆਪਕਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ | ਵਾਪਸੀ ਸਮੇਂ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟਿਕਾਇਆ ਗਿਆ ਤੇ ਉਸ ਇਤਿਹਾਸਕ ਸਥਾਨ ਦੀ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਇਸ ਟੂਰ ਦਾ ਅਨੰਦ ਮਾਣਿਆ ਤੇ ਇਸ ਤਰ੍ਹਾ ਇਹ ਟੂਰ ਉਨ੍ਹਾਂ ਲਈ ਇਕ ਯਾਦਗਾਰ ਹੋ ਕੇ ਨਿੱਬੜਿਆ |