ਦੀਨਾਨਗਰ, 7 ਨਵੰਬਰ (ਸੋਢੀ/ਸ਼ਰਮਾ)- ਐੱਸ.ਐੱਸ.ਐੱਮ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਦਸਮੇਸ਼ ਆਡੀਟੋਰੀਅਮ ਵਿਖੇ ਹੋਏ ਬੀ ਜ਼ੋਨ ਯੁਵਕ ਮੇਲੇ ਦੇ ਏ ਡਵੀਜ਼ਨ ਵਿਚ ਲਗਾਤਾਰ ਪੰਜਵੀਂ ਵਾਰ ਚੈਂਪੀਅਨ ਦਾ ਖ਼ਿਤਾਬ ਜਿੱਤਿਆ | ਇਸ ਸਮਾਗਮ ਵਿਚ ਡਿਪਟੀ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ: ਰਾਜੇਸ਼ ਕਾਲੀਆ ਮੁੱਖ ਮਹਿਮਾਨ, ਵਿੱਤ ਤੇ ਵਿਕਾਸ ਅਧਿਕਾਰੀ) ਸੁਖਦੇਵ ਰਾਜ ਸੂਰੀ ਤੇ ਡਾਇਰੈਕਟਰ ਡਾ: ਅਮਨਦੀਪ ਸਿੰਘ ਨੇ ਕਾਲਜ ਨੂੰ ਓਵਰਆਲ ਟਰਾਫ਼ੀ ਸੌਂਪੀ | ਜੇਤੂ ਵਿਦਿਆਰਥੀਆਂ ਦੀਆਂ ਟੀਮਾਂ ਦੇ ਕਾਲਜ ਪਹੁੰਚਣ 'ਤੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਤੇ ਸਟਾਫ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ | ਪਿ੍ੰਸੀਪਲ ਡਾ: ਆਰ.ਕੇ. ਤੁਲੀ ਨੇ ਕਿਹਾ ਕਿ ਯੁਵਕ ਮੇਲੇ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ, ਵਿਕਾਸ ਲਈ ਪ੍ਰਤਿਭਾ ਨੂੰ ਨਿਖਾਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਖ਼ਿਤਾਬ ਅਗਾਂਹ ਵੀ ਜਿੱਤਦੇ ਰਹਿਣ ਦਾ ਸੱਦਾ ਦਿੱਤਾ ਅਤੇ ਆਪਣੇ ਵਲੋਂ ਹਰ ਸੰਭਵ ਯੋਗਦਾਨ ਦਾ ਭਰੋਸਾ ਦਿੱਤਾ | ਪ੍ਰੋ: ਪ੍ਰਬੋਧ ਗਰੋਵਰ ਨੇ ਦੱਸਿਆ ਕਿ ਕਾਲਜ ਦੀਆਂ ਵੱਖ-ਵੱਖ ਟੀਮਾਂ ਨੇ ਕੁੱਲ 13 ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਕ ਮੁਕਾਬਲੇ ਵਿਚ ਦੂਜਾ ਤੇ ਚਾਰ ਮੁਕਾਬਲਿਆਂ 'ਚ ਤੀਜਾ ਸਥਾਨ ਹਾਸਲ ਕੀਤਾ | ਜਦੋਂ ਕਿ ਕਾਲਜ ਨੂੰ ਕੁੱਲ 26 ਇਨਾਮ ਪ੍ਰਾਪਤ ਹੋਏ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਜਨਰਲ ਨਾਲੇਜ ਕੁਇਜ਼, ਫੋਕ ਆਰਕੈਸਟਰਾ, ਕਲਾਸੀਕਲ ਵੋਕਲ, ਕਲਾਸੀਕਲ ਇੰਸਟਰੂਮੈਂਟ (ਨਾਨ-ਪਰਕਸ਼ਨ), ਮਾਈਮ, ਸਕਿੱਟ, ਗਰੁੱਪ ਸੌਂਗ ਇੰਡੀਅਨ, ਕਲੇ ਮਾਡਲਿੰਗ, ਕਵਿਤਾ ਪਾਠ, ਕਲਾਸੀਕਲ ਡਾਂਸ ਵੈਸਟਰਨ ਇੰਸਟਰੂਮੈਂਟ (ਸੋਲੋ), ਵੈਸਟਰਨ ਪਸ਼ਿਨੀ, ਗਰੁੱਪ ਸੌਂਗ ਵਿਚ ਪਹਿਲਾ, ਕਲਾਸੀਕਲ ਇੰਸਟਰੂਮੈਂਟ, ਵਾਰ ਗਾਇਣ, ਗਰੁੱਪ ਸ਼ਬਦ, ਭਜਨ, ਪੋਸਟਰ ਮੇਕਿੰਗ, ਐਲੋਕੇਸ਼ਨ ਅੰਗਰੇਜ਼ੀ, ਐਲੋਕੇਸ਼ਨ-ਪੰਜਾਬੀ, ਹਿੰਦੀ, ਰੰਗੋਲੀ, ਵਾਦ ਵਿਵਾਦ ਅੰਗਰੇਜ਼ੀ, ਵਾਦ ਵਿਵਾਦ ਹਿੰਦੀ ਤੇ ਪੰਜਾਬੀ 'ਚ ਦੂਸਰਾ, ਪੇਂਟਿੰਗ ਔਨ ਦ ਸਪਾਟ, ਕੋਲਾਜ, ਮਿਮਿਕਰੀ ਤੇ ਕੋਰੀਓਗ੍ਰਾਫੀ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਇਕ ਰੰਗਾਰੰਗ ਪ੍ਰੋਗਰਾਮ ਭਾਗ ਲੈਣ ਵਾਲੇ ਵਿਦਿਆਰਥੀ ਕਲਾਕਾਰਾਂ ਨੇ ਨਾਚ ਪੇਸ਼ ਕਰਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ | ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਸ.ਡੀ.ਐਮ. ਦੀਨਾਨਗਰ ਜਸਵਿੰਦਰ ਸਿੰਘ ਭੁੱਲਰ ਤੇ ਡੀ.ਐੱਸ.ਪੀ. ਰਾਜਿੰਦਰ ਸਿੰਘ ਮਨਹਾਸ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ |