ਫ਼ਤਹਿਗੜ੍ਹ ਚੂੜੀਆਂ, 5 ਨਵੰਬਰ (ਐੱਮ.ਐੱਸ. ਫੁੱਲ)- ਸਾਹਿਤ ਸਭਾ ਫ਼ਤਹਿਗੜ੍ਹ ਚੂੜੀਆਂ ਵਲੋਂ ਇਸ ਵਾਰ ਇਕ ਵਿਲੱਖਣ ਪਹਿਲ ਕਰਦਿਆਂ ਇਸ ਸਰਹੱਦੀ ਤੇ ਪੱਛੜੇ ਕਸਬੇ 'ਚ ਪਹਿਲੀ ਵਾਰ ਗਜ਼ਲ ਵਰਗੀ ਨਫੀਸ ਸਿਨਫ਼ ਉੱਤੇ ਭਰਵੀਂ ਵਿਚਾਰ ਗੋਸ਼ਟੀ ਕਰਵਾਈ ਗਈ | ਇਹ ਸਬੱਬ ਸਭਾ ਦੇ ਪ੍ਰਧਾਨ ਸੁੱਚਾ ਸਿੰਘ ਰੰਧਾਵਾ ਦੀਆਂ ਸਵ. ਪਤਨੀਆਂ ਦੀ ਯਾਦ 'ਚ ਕਰਵਾਏ ਜਾਂਦੇ ਸਾਲਾਨਾ ਸਮਾਗਮ 'ਚ ਬਣਿਆਂ, ਜਿਸ ਵਿਚ ਪੰਜਾਬੀ ਗ਼ਜ਼ਲ ਵਿਧਾਨ, ਪਿੰਗਲ ਤੇ ਅਰੂਜ਼ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਉਸਤਾਦ ਸ਼ਾਇਰ ਸਰਬਜੀਤ ਸਿੰਘ ਸੰਧੂ ਨੇ ਦਿੱਤੀ ਤੇ ਅਰੂਜ਼ 'ਚ ਗ਼ਜ਼ਲ ਕਹਿਣ ਲਈ ਸ਼ਾਇਰਾ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅਰੂਜ਼ ਕੋਈ ਬੰਦਿਸ਼ ਨਹੀਂ ਹੈ, ਸਿਰਫ਼ ਇਕ ਜਾਬਦਾ ਹੈ ਤੇ ਕੋਈ ਵੀ ਵਿਧਾ ਇਕ ਜਾਬਤੇ ਤੋਂ ਬਾਅਦ ਆਪਣਾ ਰੂਪ ਵਿਗਾੜ ਲੈਂਦੀ ਹੈ | ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕਾਹਲੋਂ ਨੇ ਦੱਸਿਆ ਕਿ ਸੁੱਚਾ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਇਸ ਸਮਾਗਮ 'ਚ ਚਰਚਾ ਤੋਂ ਬਾਅਦ ਗ਼ਜ਼ਲ ਸਿਖਾਂਦਰੂਆਂ ਨੇ ਗ਼ਜ਼ਲ ਦੇ ਨੁਕਤੇ ਤੇ ਵਿਧਾਨ ਬਾਰੇ ਬਹੁਤ ਕੁਝ ਨਵਾਂ ਸਿੱਖਿਆ | ਇਸ ਮੌਕੇ ਗ਼ਜ਼ਲਗੋਅ ਜਸਵੰਤ ਹਾਂਸ, ਬਲਜਿੰਦਰ ਮਾਂਗਟ ਤੇ ਸੀਤਲ ਗੁੰਨੋਪੁਰੀ ਨਾਲ ਗਜ਼ਲ ਵਿਧਾ ਤੇ ਉਨ੍ਹਾਂ ਦੀ ਸਿਰਜਣ ਪ੍ਰਕਿਰਿਆ ਨਾਲ ਸੰਬੰਧਿਤ ਰੂ-ਬਰੂ ਕਰਵਾਇਆ ਗਿਆ | ਸਮਾਗਮ ਦੇ ਦੂਸਰੇ ਭਾਗ ਵਿਚ ਮੁਖਤਾਰ ਗਿੱਲ ਦੀ ਕਿਤਾਬ ਤਿ੍ਕਾਲਾਂ ਦਾ ਲੋਕ ਅਰਪਨ ਕੀਤਾ ਗਿਆ ਤੇ ਅਖੀਰ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਧਰਵਿੰਦਰ ਔਲਖ, ਬਲਜਿੰਦਰ ਮਾਂਗਟ, ਜਗਤਾਰ ਗਿੱਲ, ਸਰਬਜੀਤ ਸਿੰਘ ਸੰਧੂ, ਬੂਟਾ ਰਾਮ ਅਜ਼ਾਦ, ਗੁਰਮੀਤ ਸਿੰਘ ਬਾਜਵਾ, ਸ਼ੀਤਲ ਸਿੰਘ ਗੁੰਨੋਪੁਰੀ, ਮੰਗਤ ਚੰਚਲ, ਰੋਜ਼ੀ ਸਿੰਘ, ਗੁਰਭੇਜ ਸਿੰਘ, ਜਸਵੰਤ ਹਾਂਸ, ਬਲਬੀਰ ਸਿੰਘ ਕਲਸੀ, ਸੁਲਤਾਨ ਭਾਰਤੀ, ਰਮੇਸ਼ ਕੁਮਾਰ ਜਾਨੂ, ਪਰਮਜੀਤ ਸਿੰਘ ਪੇਜੀ, ਰਘਬੀਰ ਸਿੰਘ ਚਾਹਲ, ਅੰਕੁਸ਼ ਅੰਕੁਸ਼, ਸੁੱਚਾ ਸਿੰਘ ਰੰਧਾਵਾ ਤੇ ਹੋਰ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤਾ | ਇਸ ਮੌਕੇ ਸੁਖਦੇਵ ਸਿੰਘ ਕਾਹਲੋਂ, ਹਰਜੀਤ ਸਿੰਘ ਸੰਧੂ, ਹਰਪਾਲ ਸਿੰਘ ਨਾਗਰਾ, ਡਾ. ਹੀਰਾ ਸਿੰਘ, ਡਾ. ਅਸ਼ਵਨੀ ਕੁਮਾਰ, ਰਜਿੰਦਰਪਾਲ ਸਿੰਘ ਬਿੱਲਾ, ਤਰਸੇਮ ਸਿੰਘ ਰੰਧਾਵਾ, ਰਾਣਾ ਭਿੰਡਰ, ਅਜੀਤ ਸਿੰਘ ਬਿੱਟੂ, ਚਰਨਜੀਤ ਸਿੰਘ ਚੰਨ, ਅਮਨ ਰੰਧਾਵਾ, ਰਜਿੰਦਰ ਸਿੰਘ ਬੰਟੂ ਹਾਜ਼ਰ ਸਨ |