ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਸੁਚਾਰੂ ਪ੍ਰਬੰਧ ਅਧੀਨ ਹੇਠ ਚੱਲ ਰਹੇ ਗੁਰੂ ਨਾਨਕ ਕਾਲਜ ਬਟਾਲਾ ਨੇ ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਜ਼ੋਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਸਿੱਕਾ ਮਨਵਾਇਆ ਹੈ | ਕਾਲਜ ਦੇ ਪ੍ਰਤਿਭਾਵਾਨ ਵਿਦਿਆਰਥੀਆਂ ਨੇ ਭੰਗੜਾ, ਲੁੱਡੀ, ਕਵੀਸ਼ਰੀ ਤੇ ਐਲੋਕਿਊਸ਼ਨ ਵਿਚ ਪਹਿਲਾ ਸਥਾਨ ਹਾਸਿਲ ਕਰ ਕੇ ਸਭ ਦਾ ਦਿਲ ਜਿੱਤ ਲਿਆ | ਇਸ ਤੋਂ ਇਲਾਵਾ ਵਾਰ ਗਾਇਨ ਤੇ ਕਵਿਤਾ ਉਚਾਰਨ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ | ਇਹ ਪ੍ਰਾਪਤੀਆਂ ਨਾ ਸਿਰਫ਼ ਕਾਲਜ ਲਈ ਮਾਣ ਦਾ ਵਿਸ਼ਾ ਹਨ, ਸਗੋਂ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਤੇ ਕਲਾ-ਪ੍ਰੇਮ ਦਾ ਪ੍ਰਤੀਕ ਵੀ ਹਨ | ਕਾਲਜ ਪਿ੍ੰਸੀਪਲ ਡਾ. ਚਰਨਜੀਤ ਸਿੰਘ ਨੇ ਵਿਦਿਆਰਥੀਆਂ, ਸਟਾਫ ਅਤੇ ਕੋਆਰਡੀਨੇਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਕਾਲਜ ਬਟਾਲਾ ਹਮੇਸ਼ਾ ਤੋਂ ਵਿਦਿਅਕ ਪ੍ਰਾਪਤੀਆਂ ਦੇ ਨਾਲ-ਨਾਲ ਸੱਭਿਆਚਾਰਕ ਮੁੱਲਾਂ ਨੂੰ ਸੰਭਾਲਣ 'ਚ ਬੜੀ ਸੁਚੱਜੀ ਅਗਵਾਈ ਕੀਤੀ ਹੈ | ਸਾਡੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਸਮਰਪਣ ਤੇ ਟੀਮ ਸਪਿਰਟ ਨਾਲ ਇਹ ਸਾਬਤ ਕੀਤਾ ਹੈ ਕਿ ਜਿੱਥੇ ਜਜ਼ਬਾ ਤੇ ਮਿਹਨਤ ਮਿਲੇ, ਉਥੇ ਸਫਲਤਾ ਆਪਣੇ-ਆਪ ਆਉਂਦੀ ਹੈ | ਯੂਥ ਫੈਸਟੀਵਲ ਕੋਆਰਡੀਨੇਟਰ ਡਾ. ਹਰਮੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਪਿੱਛੇ ਕਾਲਜ ਦੀ ਮਿਹਨਤੀ ਟੀਮ ਦਾ ਯੋਗਦਾਨ ਵੀ ਕਾਬਿਲ-ਏ-ਤਾਰੀਫ਼ ਹੈ | ਕੋ-ਕੋਆਰਡੀਨੇਟਰ ਪ੍ਰੋ. ਅਮਨਪ੍ਰੀਤ ਕੌਰ ਨੇ ਵੀ ਕਿਹਾ ਕਿ ਵਿਦਿਆਰਥੀਆਂ ਨੇ ਨਾ ਸਿਰਫ਼ ਕਲਾ ਵਿਚ ਕਮਾਲ ਕੀਤਾ ਹੈ, ਸਗੋਂ ਅਨੁਸ਼ਾਸ਼ਨ ਤੇ ਏਕਤਾ ਦੀ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ | ਡਾ. ਗੁਰਬੀਰ ਸਿੰਘ ਬਰਾੜ ਮੁਖੀ ਪੰਜਾਬੀ ਵਿਭਾਗ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਤੇ ਲੋਕ ਕਲਾ ਸਾਡੀ ਰੂਹ ਹਨ ਤੇ ਵਿਦਿਆਰਥੀਆਂ ਵਲੋਂ ਭੰਗੜੇ, ਲੁੱਡੀ ਤੇ ਕਵੀਸ਼ਰੀ ਵਰਗੇ ਲੋਕ ਰੂਪਾਂ ਨੂੰ ਅੱਜ ਦੇ ਸਮੇਂ 'ਚ ਜੀਵੰਤ ਰੱਖਣਾ ਬਹੁਤ ਸਿਹਤਮੰਦ ਰੁਝਾਨ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਸਿਰਫ਼ ਜਿੱਤ ਨਹੀਂ, ਸੱਭਿਆਚਾਰਕ ਵਿਰਾਸਤ ਨਾਲ ਜੋੜ ਬਣਾਈ ਰੱਖਣ ਦੀ ਖੂਬਸੂਰਤ ਉਦਾਹਰਣ ਹੈ | ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪ੍ਰੋ. ਅੰਮਿ੍ਤਪਾਲ ਸਿੰਘ, ਪ੍ਰੋ. ਮਨਦੀਪ ਕੌਰ , ਪ੍ਰੋ. ਗੁਰਮੁਖ ਸਿੰਘ, ਪ੍ਰੋ. ਸ਼ਹਿਬਾਜਦੀਪ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰੋ. ਦਵਿੰਦਰ ਕੌਰ, ਪ੍ਰੋ. ਰਾਜਵੀਰ ਕੌਰ, ਪ੍ਰੋ. ਸ਼ੁਭਪ੍ਰੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਨੇਹਾ, ਗੁਰਪਿੰਦਰ ਸਿੰਘ, ਮਹਿਕਪ੍ਰੀਤ ਕੌਰ ਗੁਰਭੇਜ ਸਿੰਘ, ਕਸ਼ਮੀਰ ਸਿੰਘ, ਲਖਬੀਰ ਸਿੰਘ, ਪਲਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਸੂਰਜ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ |