ਵੱਖ-ਵੱਖ ਵਿਦਿਅਕ ਸੰਸਥਾਵਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅਜੀਤ ਡੈਸਕ
06-11-2025
ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਸ੍ਰੀ ਹਰਗੋਬਿੰਦਪੁਰ
ਸ੍ਰੀ ਹਰਗੋਬਿੰਦਪੁਰ, (ਕੰਵਲਜੀਤ ਸਿੰਘ ਚੀਮਾ)- ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਿਗੋਬਿੰਦਪੁਰ ਸਾਹਿਬ ਅੱਜ ਪਿ੍ੰਸੀਪਲ ਮੈਡਮ ਮਧੂ ਸਾਵਲ ਦੀ ਅਗਵਾਈ ਹੇਠ ਸਵੇਰ ਦੀ ਸਭਾ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਪਹਿਲਾਂ ਵਿਦਿਆਰਥਣਾਂ ਨੇ ਸ੍ਰੀ ਜਪੁਜੀ ਸਾਹਿਬ ਜੀ ਦੀਆਂ ਪੰਜ ਪਾਉੜੀਆਂ ਦਾ ਪਾਠ ਕੀਤਾ ਗਿਆ | ਉਪਰੰਤ ਅਰਦਾਸ ਬੇਨਤੀ ਕੀਤੀ ਤੇ ਫਿਰ ਵਿਦਿਆਰਥਣਾਂ ਨੇ ਕਵੀਸ਼ਰੀ, ਕਵਿਤਾਵਾਂ ਤੇ ਗੁਰਬਾਣੀ ਕੀਰਤਨ ਕਰ ਕੇ ਸਾਰੇ ਹੀ ਸਟਾਫ ਤੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਿਆ | ਸਕੂਲ ਦੇ ਅਧਿਆਪਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰੇ ਗਏ ਮੂਲ ਮੰਤਰ ਦੀ ਵਿਆਖਿਆ ਕਰ ਕੇ ਬੱਚਿਆਂ ਉਸ 'ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ | ਅੰਤ 'ਚ ਪਿ੍ੰਸੀਪਲ ਵਲੋਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ ਗਈ |
ਦੂਨ ਇੰਟਰਨੈਸ਼ਨਲ ਸਕੂਲ
ਗੁਰਦਾਸਪੁਰ, (ਚੱਕਰਾਜਾ)- ਦੂਨ ਇੰਟਰਨੈਸ਼ਨਲ ਸਕੂਲ ਵਿਖੇ ਸ੍ਰ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਉਪਰੰਤ ਬੱਚਿਆਂ ਵਲੋਂ ਸ਼ਬਦ ਗਾਇਣ ਕਰਨ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਸਾਖੀਆਂ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਵਿਦਿਆਰਥੀਆਂ ਵਲੋਂ ਮੂਲ ਮੰਤਰ ਦਾ ਜਾਪ ਵੀ ਕੀਤਾ ਗਿਆ | ਇਸ ਮੌਕੇ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ | ਸਕੂਲ ਦੇ ਡਾਇਰੈਕਟਰ ਗਗਨਦੀਪ ਸਿੰਘ ਤੇ ਪਿ੍ੰਸੀਪਲ ਊਸ਼ਾ ਸ਼ਰਮਾ ਨੇ ਬੱਚਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ |
ਕੈਂਬਰਿਜ ਇੰਟਰਨੈਸ਼ਨਲ ਸਕੂਲ
ਜੌੜਾ ਛੱਤਰਾਂ, (ਪਰਮਜੀਤ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਦੀ ਅਗਵਾਈ ਹੇਠ ਵਿਸ਼ੇਸ਼ ਅਸੈਂਬਲੀ ਕਰਵਾਈ ਗਈ | ਕਿੰਡਰ ਗਾਰਟਨ ਦੇ ਬੱਚਿਆਂ ਨੇ ਮੂਲ ਮੰਤਰ ਦਾ ਜਾਪ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ | ਵਿਦਿਆਰਥੀਆਂ ਨੇ ਸ਼ਬਦ ਗਾਇਣ ਤੇ ਕਵੀਸ਼ਰੀ ਰਾਹੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਜੀਵਨ ਬਾਰੇ ਚਾਨਣਾ ਪਾਇਆ | ਆਨੰਦ ਸਾਹਿਬ ਦੇ ਪਾਠ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਅਰਦਾਸ ਕੀਤੀ ਗਈ | ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ ਗਈ | ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਨਾਗੀ ਤੇ ਡਾਇਰੈਕਟਰ ਨੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |