01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰਾਵੀ ਕੰਢੇ ਪਿੰਡ ਘੋਨੇਵਾਲ 'ਚ ਦਰਿਆ ਦੇ ਪਾਣੀ ਨਾਲ ਜ਼ਰ-ਜ਼ਰ ਡਿੱਗੀ ਕਰੋੜਾਂ ਦੀ ਕੋਠੀ • ਮੇਰੇ ਵਿਦੇਸ਼ ਗਏ ਪੁੱਤਰ ਦੀ 9 ਸਾਲ ਦੀ ਕਮਾਈ ਪਾਣੀ 'ਚ ਗਈ, ਕੌਣ ਕਰੂੰ ਘਾਟਾ ਪੂਰਾ •20 ਕਿੱਲੇ ਝੋਨਾ ਵੀ ਰੁੜਿਆ, ਕਰੋੜਾਂ ਦੀ ਕੋਠੀ ਵਿਚ ਕਰੋੜਾਂ ਦਾ ਸੀ ਸਾਮਾਨ, ਸਭ ਖ਼ਤਮ-ਪੀੜਤ ਮਾਂ

ਅਜੀਤ ਡੈਸਕ 01-09-2025
ਬਟਾਲਾ, 31 ਅਗਸਤ (ਸਤਿੰਦਰ ਸਿੰਘ)-ਰਾਵੀ ਦਰਿਆ ਦੇ ਸਭ ਤੋਂ ਨੇੜਲੇ ਪਿੰਡ ਘੋਨੇਵਾਲ ਨੂੰ ਹੜ੍ਹਾਂ ਦੇ ਪਾਣੀ ਦੀ ਸਭ ਤੋਂ ਵੱਧ ਮਾਰ ਪਈ | ਪਾਣੀ 'ਚ ਡੁੱਬੇ ਪਿੰਡ 'ਚ ਲੋਕ ਅਜੇ ਵੀ ਛੱਤਾਂ ਦੇ ਉਤੇ ਆਪਣੀਆਂ ਰਾਤਾਂ ਬਤੀਤ ਕਰ ਰਹੇ ਹਨ | ਹੱਡ ਭੰਨਵੀਂ ਕਮਾਈ ਕਰਨ ਵਾਲੇ ਸਰਹੱਦੀ ਖੇਤਰ ਦੇ ਇਹ ਮਿਹਨਤੀ ਲੋਕ ਆਪਣੇ ਘਰ ਛੱਡਣ ਨੂੰ ਤਿਆਰ ਨਹੀਂ | ਇਸੇ ਹੀ ਪਿੰਡ 'ਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਦੋਂ ਪਿੰਡ 'ਚ ਸਰਦੂਲ ਸਿੰਘ ਕਰੋੜਾਂ ਦੀ ਬਣੀ ਕੋਠੀ ਪਾਣੀ 'ਚ ਹੀ ਬਹਿ ਗਈ | ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਨੇ ਮਕਾਨ ਦੇ ਮਾਲਕਾਂ ਤੋਂ ਪੁੱਛਣਾ ਚਾਹਿਆ ਤਾਂ ਉਨ੍ਹਾਂ ਦੇ ਇਕ ਲੜਕੇ ਦਾ ਰੋ-ਰੋ ਕੇ ਬੁਰਾ ਹਾਲ ਸੀ ਤੇ ਉਹ ਕੁਝ ਵੀ ਦੱਸਣ ਤੋਂ ਅਸਮਰੱਥ ਸੀ | ਉਨ੍ਹਾਂ ਦੀ ਮਾਤਾ ਨੇ ਦੱਸਿਆ ਕਿ ਨੁਕਸਾਨ ਏਨਾ ਹੋਇਆ ਹੈ ਕਿ ਸਾਡੇ ਕੋਲ ਹਿਸਾਬ-ਕਿਤਾਬ ਕਰਨ ਦੇ ਸ਼ਬਦ ਨਹੀਂ | ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 9 ਸਾਲ ਤੋਂ ਇਟਲੀ 'ਚ ਹੱਡ-ਭੰਨਵੀਂ ਮਿਹਨਤ ਕਰ ਰਿਹਾ ਹੈ, ਜਿਸ ਦੀ ਸਾਰੀ ਮਿਹਨਤ ਪਾਣੀ 'ਚ ਰੁੜ ਗਈ | ਅੱਖ ਦੇ ਫੜਕੇ ਨਾਲ ਆਏ ਪਾਣੀ ਨੇ ਕਰੋੜਾਂ ਦੀ ਕੋਠੀ ਤੇ ਉਸ ਵਿਚ ਪਏ ਕਰੋੜਾਂ ਦੇ ਸਾਮਾਨ ਨੂੰ 15 ਮਿੰਟਾਂ ਵਿਚ ਖਤਮ ਕਰ ਦਿੱਤਾ | ਮਾਤਾ ਜੀ ਨੇ ਦੱਸਿਆ ਕਿ ਜਦੋਂ ਭਾਰੀ ਬਰਸਾਤ ਹੋਈ ਤਾਂ ਧੁੱਸੀ ਨੂੰ ਪੱਕੇ ਕਰਨ ਲਈ ਸਾਰਾ ਪਿੰਡ ਪਹੁੰਚ ਗਿਆ | ਮੇਰੇ ਪੁੱਤਰ ਨੇ ਟਰੈਕਟਰ-ਟਰਾਲੀ ਸੇਵਾ 'ਚ ਲਗਾ ਦਿੱਤੀ | ਮੈਂ ਸਾਰਾ ਦਿਨ ਚਾਹ ਬਣਾਉਂਦੀ ਰਹੀ ਤੇ ਮੇਰਾ ਸਰਕਾਰ ਚਾਹ ਢੋਂਦਾ ਰਿਹਾ | ਇਕਦਮ ਧੁੱਸੀ ਟੁੱਟੀ ਤੇ 15 ਮਿੰਟਾਂ ਵਿਚ ਸਭ ਕੁਝ ਰੁੜ ਗਿਆ | ਕੋਈ ਆਪਣਾ ਘਰ ਦਾ ਮੈਂਬਰ ਤੇ ਮਾਲ-ਡੰਗਰ ਵੀ ਕੱਢ ਨਾ ਸਕਿਆ | ਉਨ੍ਹਾਂ ਕਿਹਾ ਕਿ ਅਸੀਂ ਵਿਧਾਇਕ ਧਾਲੀਵਾਲ ਤੇ ਉਸ ਦੇ ਪੁੱਤਰ ਨੂੰ ਬਹੁਤ ਫੋਨ ਕੀਤੇ, ਕਿ ਇਸ ਕੁਦਰਤੀ ਮਾਰ 'ਤੇ ਕਿਸੇ ਦਾ ਕੋਈ ਜ਼ੋਰ ਨਹੀਂ, ਜੋ ਕੀਤਾ ਰੱਬ ਨੇ ਹੈ, ਪਰ ਸਾਡੇ ਕਰੋੜਾਂ ਦੇ ਸਾਮਾਨ ਵਿਚੋਂ ਬਹੁਤਾ ਨਹੀਂ ਤਾਂ ਥੋੜ੍ਹਾ ਹੀ ਕੱਢ ਦਿਓ, ਪਰ ਉਨ੍ਹਾਂ ਨੇ ਕੋਰੀ ਨਾਂਹ ਕਰ ਦਿੱਤੀ | ਸਾਡਾ ਸ਼ੋਲਰ ਸਿਸਟਮ ਸਾਰਾ ਰੁੜ ਗਿਆ, ਕਿਸੇ ਨੇ ਰੱਸਾ ਤੱਕ ਨਹੀਂ ਪਵਾਇਆ | ਸਾਨੂੰ ਕੁਝ ਨਹੀਂ ਚਾਹੀਦਾ, ਪਰ ਪੰਜਾਬ ਸਰਕਾਰ ਨਾਲ ਛਿਕਵਾ ਜ਼ਰੂਰੀ ਹੈ, ਜਿਸ ਨੇ ਪੰਜਾਬ ਡੋਬ ਦਿੱਤਾ | ਜ਼ਿਕਰਯੋਗ ਹੈ ਕਿ ਇਹ ਪਿੰਡ ਅਜੇ ਵੀ ਪਾਣੀ ਦੀ ਮਾਰ ਹੇਠ ਹੈ, ਬਿਲਕੁੱਲ ਰਾਵੀ ਦਰਿਆ ਦੇ ਕੰਢੇ ਹੋਣ ਕਰ ਕੇ ਸਹੂਲਤ ਵੀ ਨਾਮਾਤਰ ਪਹੁੰਚਦੀ ਹੈ | ਕਈ ਵਾਰ ਹੜ੍ਹਾਂ ਦੀ ਮਾਰ ਹੇਠ ਆਏ ਇਸ ਪਿੰਡ ਨੂੰ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ |
ਪਿਛਲੀ ਖ਼ਬਰ ਖ਼ਾਲਸਾ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੇ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ 'ਚ 13 ਤਗਮੇ ਜਿੱਤੇ •ਪੰਜ ਖਿਡਾਰੀਆਂ ਦੀ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਖੰਡ ਮਿੱਲ ਬਟਾਲਾ ਮੂਹਰੇ ਕੱਲ੍ਹ ਦਾ ਰੋਸ ਧਰਨਾ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।