ਨੌਸ਼ਹਿਰਾ ਮੱਝਾ ਸਿੰਘ, 31 ਅਗਸਤ (ਤਰਸੇਮ ਸਿੰਘ ਤਰਾਨਾ)-ਬੀਤੇ ਸੀਜਨ ਦੌਰਾਨ ਖੰਡ ਮਿੱਲ ਬਟਾਲਾ ਨੂੰ ਵੇਚੇ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਭਲਕੇ 2 ਸਤੰਬਰ ਨੂੰ ਦਿੱਤਾ ਜਾਣ ਵਾਲਾ ਰੋਸ ਧਰਨਾ ਮੁਲਤਵੀ ਕੀਤਾ ਗਿਆ | ਇਸ ਸਬੰਧੀ ਅੱਜ ਮੁੱਖ ਦਫਤਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਰਾਵੀ ਦਰਿਆ ਨਾਲ ਲਗਦੇ ਪਿੰਡਾਂ ਅੰਦਰ ਹੜ੍ਹਾਂ ਦੀ ਮਾਰੂ ਸਥਿਤੀ ਤੇ ਦਰਿਆਈ ਪਾਣੀ ਨਾਲ ਮੁਸ਼ਕਲ 'ਚ ਫਸੇ ਲੋਕਾਂ ਅਤੇ ਕਿਸਾਨਾਂ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਤੇ ਮੈਂਬਰ ਪੂਰੀ ਤਨਦੇਹੀ ਨਾਲ ਬਚਾਅ ਕਾਰਜ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਜੋਕੇ ਮੁਸ਼ਕਲ ਦੇ ਸਮੇਂ ਅੰਦਰ ਕੇਵਲ ਹੜ੍ਹ ਪੀੜਤਾ ਦੀ ਸਹਾਇਤਾ ਕਰਨਾ ਮੁੱਖ ਉਦੇਸ਼ ਹੈ | ਇਸ ਲਈ ਸਹਿਕਾਰੀ ਖੰਡ ਮਿੱਲ ਬਟਾਲਾ ਮੂਹਰੇ ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਲਈ ਦਿੱਤਾ ਜਾਣ ਵਾਲਾ 2 ਸਤੰਬਰ ਨੂੰ ਰੋਸ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਤੇ ਰਾਹਤ ਸਮੱਗਰੀ ਭੇਜਣ ਦੀ ਲੋੜ ਹੈ | ਇਸ ਮੌਕੇ ਗੁਰਨਾਮ ਸਿੰਘ ਕਲੇਰ, ਮਾ. ਕਰਮ ਸਿੰਘ ਕਲੇਰ ਖੁਰਦ, ਤਰਲੋਚਨ ਸਿੰਘ ਸਤਕੋਹਾ, ਤਿਲਕ ਸਿੰਘ ਹਰਸੀਆਂ, ਗੁਰਨਾਮ ਸਿੰਘ ਕਾਹਲੋਂ ਸਤਕੋਹਾ, ਰਛਪਾਲ ਸਿੰਘ ਸਤਕੋਹਾ, ਗੁਰਪ੍ਰਤਾਪ ਸਿੰਘ ਸਤਕੋਹਾ, ਨੰਬਰਦਾਰ ਸ਼ਿਵ ਸਿੰਘ ਅਠਵਾਲ ਅਤੇ ਗੁਰਪ੍ਰੀਤ ਸਿੰਘ ਅਠਵਾਲ ਸਮੇਤ ਹੋਰ ਹਾਜ਼ਰ ਸਨ |