ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਲਾਕੇ 'ਚੋਂ ਨਸ਼ਾ ਖ਼ਤਮ ਕਰਨ ਲਈ ਲੋਕਾਂ ਕੋਲੋਂ ਸਾਥ ਮੰਗਦਿਆਂ ਕਿਹਾ ਕਿ ਨਸ਼ਾ ਖ਼ਤਮ ਕਰਨਾ ਸਾਡੀਆਂ ਨਸਲਾਂ ਦੇ ਭਵਿੱਖ ਲਈ ਜ਼ਰੂਰੀ ਹੈ, ਇਸ ਲਈ ਤੁਸੀਂ ਸਾਰੇ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਕੋਹੜ ਨੂੰ ਗਲੋਂ ਲਾਹ ਸਕੀਏ | ਉਨ੍ਹਾਂ ਕਿਹਾ ਕਿ ਆਪਾਂ ਅਫਗਾਨੀ ਧਾੜਵੀ ਰੋਕ ਲਏ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢ ਲਿਆ, ਗਵਾਂਢੀ ਦੇਸ਼ਾਂ ਨਾਲ ਜੰਗਾਂ ਜਿੱਤ ਲਈਆਂ, ਅੱਤਵਾਦ ਉੱਤੇ ਫਤਿਹ ਪਾ ਲਈ ਅਤੇ ਹੁਣ ਵੇਲਾ ਨਸ਼ਿਆਂ ਵਿਰੁੱਧ ਯੁੱਧ ਦਾ ਹੈ ਅਤੇ ਇਸ ਵਿਚ ਵੀ ਜਿੱਤ ਆਪਣੀ ਹੋਣੀ ਹੈ, ਬਸ ਲੋੜ ਤੁਹਾਡੇ ਸਾਥ ਦੀ ਹੈ | ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਬਹਿਬਲਚੱਕ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਚ ਨਸ਼ੇ ਦੇ ਪਸਾਰੇ ਲਈ ਪਿਛਲੀਆਂ ਸਰਕਾਰਾਂ ਨੂੰ ਕਟਹਿਰੇ 'ਚ ਖੜ੍ਹਾ ਕਰਦਿਆਂ ਕਿਹਾ ਕਿ ਇਨ੍ਹਾਂ ਸਰਕਾਰਾਂ ਦੇ ਅਣਦੇਖੀ ਕਾਰਨ ਨਸ਼ੇ ਵਰਗੀ ਅਲਾਮਤ ਨੇ ਕਰੂਪ ਧਾਰ ਲਿਆ, ਜਦੋਂਕਿ ਮੁੱਖ ਮੰਤਰੀ ਸ: ਮਾਨ ਵਲੋਂ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਪੁਲਿਸ ਨੂੰ ਖੁੱਲ੍ਹੀ ਛੋਟ ਦਿੱਤੀ ਗਈ ਹੈ |
ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਮੂਹਿਕ ਸਹਿਯੋਗ ਦੀ ਲੋੜ ਹੈ ਤੇ ਸਾਰਿਆਂ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਅਵੱਛ ਜੜਾ੍ਹੋ ਖ਼ਤਮ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਨਸ਼ਾ ਮੁਕਤੀ ਯਾਤਰਾ ਰੈਲੀ 'ਚ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਮਨਦੀਪ ਸਿੰਘ ਗਿੱਲ, ਜ਼ਿਲ੍ਹਾ ਯੂਥ ਆਗੂ ਗੁਰਦਾਸਪੁਰ, ਮਾਸਟਰ ਤਿਲਕ ਰਾਜ, ਉਪ ਕੋਆਰਡੀਨੇਟਰ ਮਨਜੀਤ ਸਿੰਘ ਬੰਮਰਾਹ, ਭੁਪਿੰਦਰ ਸਿੰਘ, ਵੀਨੂੰ ਕਾਹਲੋਂ, ਸਰਪੰਚ ਅੰਗਰੇਜ਼ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ |
ਪੰਜਾਬੀਆਂ ਨੇ ਅਫਗਾਨੀ ਧਾੜਵੀ ਰੋਕ ਲਏ, ਹੁਣ 'ਨਸ਼ਿਆਂ ਵਿਰੁੱਧ ਯੁੱਧ' ਵਿਚ ਲੋੜ ਹੈ ਤੁਹਾਡੇ ਸਾਥ ਦੀ-ਵਿਧਾਇਕ ਸ਼ੈਰੀ ਕਲਸੀ
ਅਜੀਤ ਡੈਸਕ
22-07-2025