ਕਾਹਨੂੰਵਾਨ, 21 ਜੁਲਾਈ (ਜਸਪਾਲ ਸਿੰਘ ਸੰਧੂ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿਖੇ ਇਕ ਕਿਸਾਨ ਦੇ ਪਸ਼ੂ ਚੋਰੀ ਹੋ ਗਏ ਹਨ | ਇਸ ਸਬੰਧੀ ਪੀੜਤ ਕਿਸਾਨ ਪਰਵਿੰਦਰ ਸਿੰਘ ਪੁੱਤਰ ਖੇਮ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰ ਸਮੇਂ ਦੁੱਧ ਚੋਣ ਲਈ ਪਸ਼ੂਆਂ ਦੇ ਵਾੜੇ ਵਿਚ ਪਤਨੀ ਸਮੇਤ ਪਹੁੰਚਿਆ ਤਾਂ ਉਥੇ ਪਸ਼ੂ ਨਾ ਮਿਲਣ ਕਾਰਨ ਬਹੁਤ ਹੈਰਾਨੀ ਹੋਈ | ਉਨ੍ਹਾਂ ਦੇ ਵਾੜੇ ਵਿਚੋਂ ਦੁੱਧ ਦੇਣ ਵਾਲੀ ਇਕ ਮੱਝ, ਕੱਟਾ ਅਤੇ ਝੋਟੀ ਗ਼ਾਇਬ ਸਨ | ਉਨ੍ਹਾਂ ਨੇ ਵਾੜੇ ਦੇ ਨੇੜੇ-ਤੇੜੇ ਅਤੇ ਪਿੰਡ ਵਿਚ ਸਾਰੇ ਪਾਸੇ ਉਨ੍ਹਾਂ ਦੀ ਭਾਲ ਕੀਤੀ, ਪਰ ਉਨ੍ਹਾਂ ਨੂੰ ਪਸ਼ੂਆਂ ਦੀ ਕੋਈ ਉੱਗ-ਸੁੱਗ ਨਾ ਲੱਗ ਸਕੀ | ਉਨ੍ਹਾਂ ਵਲੋਂ ਇਸ ਚੋਰੀ ਸਬੰਧੀ ਥਾਣਾ ਕਾਹਨੂੰਵਾਨ ਵਿਚ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ |