ਗੁਰਦਾਸਪੁਰ, 21 ਜੁਲਾਈ (ਚੱਕਰਾਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਬਾਬਾ ਮਸਤੂ ਜੀ, ਜ਼ੋਨ ਬੀਬੀ ਸੁੰਦਰੀ, ਜ਼ੋਨ ਤੇਜਾ ਸਿੰਘ ਸੁਤੰਤਰ ਵਲੋਂ ਅੱਜ ਯੂਰੀਆ ਖਾਦ ਦੀ ਵੱਡੇ ਪੱਧਰ 'ਤੇ ਆ ਰਹੀ ਕਿੱਲਤ ਨੰੂ ਲੈ ਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਯੂਰੀਆ ਖਾਦ ਠੀਕ ਗੁਣਵੱਤਾ ਅਤੇ ਲੋੜ ਅਨੁਸਾਰ ਦਿਵਾਈ ਜਾਵੇ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੰੂ ਠੀਕ ਰੇਟ 'ਤੇ ਖਾਦ ਨਹੀਂ ਮਿਲ ਰਹੀ, ਸਗੋਂ ਦੁਕਾਨਦਾਰਾਂ ਵਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੇ ਨਾਲ ਹੋਰ ਕਈ ਬੇਲੋੜੀਆਂ ਦਵਾਈਆਂ ਅਤੇ ਹੋਰ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਖਾਦ ਦੇ ਰੇਟ ਵੀ ਵੱਧ ਲਗਾਏ ਜਾ ਰਿਹਾ ਹਨ, ਜਿਸ ਨਾਲ ਕਿਸਾਨ ਮਜ਼ਦੂਰ ਦੀ ਵੱਡੀ ਲੁੱਟ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਹੀ ਸਮੇਂ 'ਤੇ ਖਾਦ ਨਾ ਮਿਲਣ ਕਰਕੇ ਕਿਸਾਨਾਂ ਦੀ ਫ਼ਸਲ ਵੀ ਖ਼ਰਾਬ ਹੋ ਰਹੀ ਹੈ | ਕਿਸਾਨਾਂ ਦੱਸਿਆ ਕਿ ਖੇਤੀਬਾੜੀ ਅਫ਼ਸਰ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਸਾਰੇ ਕਿਸਾਨਾਂ ਨੂੰ ਯੂਰੀਆ ਖਾਦ ਸਹੀ ਰੇਟ ਅਤੇ ਪਹਿਲ ਦੇ ਆਧਾਰ 'ਤੇ ਦਿਵਾਈ ਜਾਵੇਗੀ ਅਤੇ ਖਾਦ ਦੇ ਨਾਲ ਹੋਰ ਕਈ ਬੇਲੋੜੀਆਂ ਚੀਜ਼ਾਂ ਨਹੀਂ ਦਿੱਤੀਆਂ ਜਾਣਗੀਆਂ | ਜਿਸ ਤੋਂ ਬਾਅਦ ਕਿਸਾਨਾਂ ਵਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਮਜ਼ਦੂਰ ਦੀ ਲੁੱਟ ਬੰਦ ਨਾ ਕੀਤੀ ਗਈ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦਾ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਇਕ ਕਿਸਾਨ ਹਰਦਿਆਲ ਸਿੰਘ ਗਜਨੀਪੁਰ ਵਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਖੇਤੀਬਾੜੀ ਵਿਭਾਗ 'ਤੇ ਵੱਡੇ ਇਲਜਾਮ ਲਗਾਏ ਗਏ ਸਨ ਕਿ ਵਿਭਾਗ ਕਿਸਾਨਾਂ ਨੰੂ ਯੂਰੀਆ ਖਾਦ ਦਿਵਾਉਣ 'ਤੇ ਅਸਫਲ ਹੋ ਰਿਹਾ ਹੈ | ਜਦਕਿ ਖੇਤੀਬਾੜੀ ਦੇ ਉੱਚ ਅਧਿਕਾਰੀਆਂ ਵਲੋਂ ਖਾਦ ਦੀ ਕੋਈ ਕਿੱਲਤ ਨਾ ਹੋਣ ਦੇ ਦਮਗਜੇ ਮਾਰ ਕੇ ਕਿਸਾਨਾਂ ਨੰੂ ਗੁੰਮਰਾਹ ਕੀਤਾ ਜਾ ਰਿਹਾ ਹੈ | ਇਸ ਮੌਕੇ ਸੁਖਜਿੰਦਰ ਸਿੰਘ ਪ੍ਰਧਾਨ, ਜਤਿੰਦਰ ਸਿੰਘ ਚੀਮਾ, ਸੁੱਚਾ ਸਿੰਘ ਬਲੱਗਣ, ਸੁਖਦੇਵ ਸਿੰਘ ਅੱਲ੍ਹੜ ਪਿੰਡੀ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਵੱਸਣ ਸਿੰਘ ਪੀਰਾਂਬਾਗ਼, ਅਮਰੀਕ ਸਿੰਘ ਹਯਾਤ ਨਗਰ, ਡਾ: ਦਲਜੀਤ ਸਿੰਘ ਆਦਿ ਹਾਜ਼ਰ ਸਨ |