ਤਾਰਾਗੜ੍ਹ, 19 ਜੁਲਾਈ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਹੈਬਤ ਪਿੰਡੀ ਵਿਖੇ ਅੱਜ ਕਰੀਬ 70 ਲੱਖ ਦੀ ਲਾਗਤ ਨਾਲ ਬਣਾਈ ਵਾਟਰ ਸਪਲਾਈ ਦਾ ਉਦਘਾਟਨ ਕਰਨ ਮਗਰੋਂ ਲੋਕਾਂ ਨੂੰ ਇਹ ਵਾਟਰ ਸਪਲਾਈ ਸਮਰਪਿਤ ਕਰ ਦਿੱਤੀ ਗਈ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਾਟਰ ਸਪਲਾਈ ਦਾ ਉਦਘਾਟਨ ਕੀਤਾ | ਇਸ ਮੌਕੇ ਨਰੇਸ਼ ਕੁਮਾਰ ਸੈਣੀ ਜਿੱਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫ਼ੌਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਸਰਪੰਚ ਰਾਜ ਕੁਮਾਰੀ, ਜਗਨਨਾਥ ਹਾਜ਼ਰ ਸਨ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੀਣ ਵਾਲਾ ਸਾਫ਼ ਪਾਣੀ ਹਰੇਕ ਘਰ ਦੀ ਜ਼ਰੂਰਤ ਹੈ | ਪਰ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇਗਾ ਤਾਂ ਲੋਕ ਸਿਹਤਮੰਦ ਰਹਿਣਗੇ | ਉਨ੍ਹਾਂ ਕਿਹਾ ਕਿ ਪਿੰਡ ਹੈਬਤ ਪਿੰਡੀ ਦੇ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਪਿੰਡ ਅੰਦਰ ਵਾਟਰ ਸਪਲਾਈ ਲਗਾਈ ਜਾਵੇ ਅਤੇ ਅੱਜ ਵਾਟਰ ਸਪਲਾਈ ਦਾ ਨਿਰਮਾਣ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ | ਹੁਣ ਹੈਬਤ ਪਿੰਡੀ ਦੇ ਕਰੀਬ 233 ਘਰਾਂ ਨੂੰ ਇਸ ਵਾਟਰ ਸਪਲਾਈ ਤੋਂ ਪੀਣ ਵਾਲਾ ਸਾਫ਼ ਪਾਣੀ ਮਿਲ ਸਕੇਗਾ | ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਵਿਚ 107 ਮੀਟਰ ਡੂੰਘਾ ਬੋਰ ਕੀਤਾ ਹੈ, ਇਕ 50,000 ਲੀਟਰ ਦੀ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਵੀ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਸੰਪੂਰਨ ਵਿਕਾਸ ਕਰਵਾਇਆ ਜਾ ਰਿਹਾ ਹੈੈ | ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਹੋਰ ਵੱਡੇ ਪ੍ਰੋਜੈਕਟ ਖੇਤਰ ਅੰਦਰ ਲਿਆਂਦੇ ਜਾਣਗੇ | ਉਨ੍ਹਾਂ ਨਵੀਂ ਵਾਟਰ ਸਪਲਾਈ ਦੇ ਸ਼ੁਰੂ ਹੋਣ 'ਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ |