ਪਠਾਨਕੋਟ, 19 ਜੁਲਾਈ (ਸੰਧੂ)-ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ (ਪਠਾਨਕੋਟ) ਅਮਿਤ ਵਿਜ ਨੇ ਆਮ ਆਦਮੀ ਪਾਰਟੀ ਸਰਕਾਰ ਦੀ 10 ਲੱਖ ਪ੍ਰਤੀ ਪਰਿਵਾਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਇਕ ਹੋਰ ਖੋਖਲਾ ਤੇ ਅਧੂਰਾ ਚੋਣੀ ਐਲਾਨ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਯੋਜਨਾ ਕਾਗ਼ਜ਼ਾਂ 'ਤੇ ਚਮਕਦਾਰ ਜ਼ਰੂਰ ਲੱਗਦੀ ਹੈ | ਪਰ ਪੰਜਾਬ ਦੀ ਢਹਿ ਗਈ ਸਿਹਤ ਪ੍ਰਣਾਲੀ ਤੇ ਖ਼ਰਾਬ ਵਿੱਤ ਸਥਿਤੀ ਨੂੰ ਵੇਖਦੇ ਹੋਏ ਇਹ ਪੂਰੀ ਤਰ੍ਹਾਂ ਸਚਾਈ ਤੋਂ ਪਰੇ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਲਈ 2025-26 ਦੇ ਬਜਟ ਵਿਚ ਸਿਰਫ਼ 728 ਕਰੋੜ ਰੱਖੇ ਹਨ | ਜੇਕਰ ਪੰਜਾਬ ਦੀ 3 ਕਰੋੜ ਆਬਾਦੀ ਵਿਚੋਂ 5 ਫ਼ੀਸਦੀ (ਅੰਦਰੂਨੀ ਤੌਰ 'ਤੇ 15 ਲੱਖ ਲੋਕ) 20,000 ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਹਸਪਤਾਲੀ ਇਲਾਜ ਕਰਵਾਉਂਦੇ ਹਨ ਤਾਂ ਸਾਲਾਨਾ ਲਾਗਤ 3,000 ਕਰੋੜ ਰੁਪਏ ਤੋਂ ਵੱਧ ਹੋ ਜਾਂਦੀ ਹੈ | ਜੇਕਰ 65 ਲੱਖ ਪਰਿਵਾਰਾਂ 'ਚੋਂ 5 ਫ਼ੀਸਦੀ (3.25 ਲੱਖ ਪਰਿਵਾਰ) 1 ਲੱਖ ਦਾ ਕਲੇਮ ਕਰਦੇ ਹਨ ਤਾਂ ਲਾਗਤ 3,250 ਕਰੋੜ ਰੁਪਏ ਹੋਵੇਗੀ | ਇਹ ਮੌਜੂਦਾ ਬਜਟ ਤੋਂ ਚਾਰ ਗੁਣਾ ਵੱਧ ਹੈ | ਸਿਰਫ਼ 8,000 ਗੰਭੀਰ ਮਰੀਜ਼ ਜਿਵੇਂ ਕੈਂਸਰ ਜਾਂ ਜਿਗਰ ਰੋਗ ਨਾਲ ਪੀੜਤ ਜੋ ਕੁੱਲ ਆਬਾਦੀ ਦਾ ਕੇਵਲ 0.026 ਫ਼ੀਸਦੀ ਹਨ, ਪੂਰਾ 728 ਕਰੋੜ ਬਜਟ ਖ਼ਤਮ ਕਰ ਸਕਦੇ ਹਨ, ਕਿਉਂਕਿ ਇਨ੍ਹਾਂ ਦਾ ਇਲਾਜ 10 ਲੱਖ ਤੋਂ ਵੱਧ ਹੁੰਦਾ ਹੈ | ਵਿਜ ਨੇ ਦੱਸਿਆ ਕਿ ਮੌਜੂਦਾ ਹਸਪਤਾਲ ਚਲਾਉਣ ਲਈ 990 ਤਜਰਬੇਕਾਰ ਡਾਕਟਰ ਅਤੇ 1,962 ਆਮ ਡਾਕਟਰਾਂ ਦੀ ਭਰਤੀ ਲਈ ਸਾਲਾਨਾ 450 ਕਰੋੜ ਰੁਪਏ ਦੀ ਲੋੜ ਹੈ | ਮੁਹੱਲਾ ਕਲੀਨਿਕ ਚਲਾਉਣ ਲਈ 3,250 ਹੋਰ ਕਰਮਚਾਰੀ ਚਾਹੀਦੇ ਹਨ, ਜਿਨ੍ਹਾਂ ਦੇ ਤਨਖ਼ਾਹ ਖ਼ਰਚੇ ਲਈ 325 ਕਰੋੜ ਰੁਪਏ ਦੀ ਲੋੜ ਹੈ | 25 ਫ਼ੀਸਦੀ ਪ੍ਰਸ਼ਾਸਨਿਕ ਲਾਗਤ ਸਮੇਤ ਇਹ ਕੁੱਲ 825 ਕਰੋੜ ਰੁਪਏ ਹੋ ਜਾਂਦਾ ਹੈ, ਜਿਸ ਵਿਚ ਦਵਾਈਆਂ, ਉਪਕਰਨ ਆਦਿ ਦੇ ਖ਼ਰਚ ਸ਼ਾਮਿਲ ਨਹੀਂ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕਾਨੂੰਨ-ਵਿਵਸਥਾ ਦੀ ਹਾਲਤ ਬੇਹੱਦ ਖ਼ਰਾਬ ਹੋ ਗਈ ਹੈ, ਡਾਕਟਰਾਂ ਨਾਲ ਹਿੰਸਾ ਅਤੇ ਧਮਕੀਆਂ ਆਮ ਹਨ | ਵੀ.ਆਈ.ਪੀ ਸੱਭਿਆਚਾਰ ਕਾਰਨ ਡਾਕਟਰਾਂ ਨੂੰ ਮਰੀਜ਼ਾਂ ਦੀ ਸੇਵਾ ਦੀ ਬਜਾਏ ਪੋ੍ਰਟੋਕਾਲ ਡਿਊਟੀ ਲਈ ਲਗਾਇਆ ਜਾਂਦਾ ਹੈ | ਅਮਿਤ ਵਿਜ ਨੇ ਕਿਹਾ ਕਿ ਜੇਕਰ ਆਪ ਸਰਕਾਰ ਸੱਚਮੁੱਚ ਸਿਹਤ ਸੇਵਾਵਾਂ ਨੂੰ ਲੈ ਕੇ ਗੰਭੀਰ ਹੈ ਤਾਂ ਘੱਟੋ-ਘੱਟ 5,000 ਕਰੋੜ ਰੁਪਏ ਸਾਲਾਨਾ ਬਜਟ ਰੱਖਣਾ ਲਾਜ਼ਮੀ ਹੈ ਤਾਂ ਜੋ ਲੋਕਾਂ ਨੂੰ ਘੱਟੋ-ਘੱਟ ਇੱਜ਼ਤਦਾਰ ਇਲਾਜ ਮਿਲ ਸਕੇ |