ਗੁਰਦਾਸਪੁਰ, 19 ਜੁਲਾਈ (ਚੱਕਰਾਜਾ)-ਸੂਬੇ ਅੰਦਰ ਅਗਲੇ ਕੁਝ ਮਹੀਨਿਆਂ ਬਾਅਦ ਗੰਨੇ ਦਾ ਪਿੜਾਈ ਸੀਜ਼ਨ ਸ਼ੁਰੂ ਹੋਣ ਵਾਲਾ ਹੈ | ਪਰ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਵਲੋਂ ਪਿੜਾਈ ਸੀਜ਼ਨ 2024-25 ਦੌਰਾਨ ਮਿੱਲਾਂ ਨੰੂ ਦਿੱਤੇ ਗੰਨੇ ਦਾ ਕਰੋੜਾਂ ਰੁਪਏ ਦਾ ਬਕਾਇਆ ਅੱਜ ਤੱਕ ਵੀ ਕਿਸਾਨਾਂ ਨੰੂ ਅਦਾ ਨਾ ਕਰਨ ਕਰਕੇ ਗੰਨਾ ਕਾਸ਼ਤਕਾਰਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਗੰਨਾ ਕਾਸ਼ਤਕਾਰਾਂ ਵਲੋਂ ਸੂਬੇ ਦੀਆਂ ਸਹਿਕਾਰੀ ਮਿੱਲਾਂ ਨੰੂ ਦਿੱਤੇ ਗੰਨੇ ਦਾ ਅੱਜ ਵੀ 198 ਕਰੋੜ 88 ਲੱਖ 72 ਹਜ਼ਾਰ ਰੁਪਏ ਦਾ ਬਕਾਇਆ ਸਰਕਾਰ ਵੱਲ ਖੜ੍ਹਾ ਹੈ ਜੋ ਅੱਜ ਤੱਕ ਕਿਸਾਨਾਂ ਨੰੂ ਅਦਾ ਨਹੀਂ ਕੀਤਾ ਗਿਆ | ਇਸੇ ਤਰ੍ਹਾਂ ਕਿਸਾਨਾਂ ਵਲੋਂ ਸੂਬੇ ਦੀਆਂ ਨਿੱਜੀ ਖੰਡ ਮਿੱਲਾਂ ਨੰੂ ਦਿੱਤੇ ਗੰਨੇ ਦੀ ਕੁੱਲ ਕੀਮਤ 401 ਰੁਪਏ ਪ੍ਰਤੀ ਕੁਇੰਟਲ 'ਚੋਂ 61.50 ਪੈਸੇ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਅਦਾਇਗੀ ਕਰਨੀ ਹੈ | ਪਰ ਨਿੱਜੀ ਖੰਡ ਮਿੱਲਾਂ ਵਲੋਂ ਤਾਂ ਆਪਣੇ ਹਿੱਸੇ ਆਉਂਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਸਰਕਾਰ ਹਿੱਸੇ ਆਉਂਦੀ ਅਦਾਇਗੀ 'ਚੋਂ ਅਜੇ ਵੀ 122 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੰੂ ਦੇਣੀ ਬਾਕੀ ਹੈ | ਜਿਸ ਵੱਲ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਸਬੰਧੀ ਅੱਜ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਆਗੂਆਂ ਵਲੋਂ ਹਰਦੇਵ ਸਿੰਘ ਚਿੱਟੀ ਦੀ ਅਗਵਾਈ 'ਚ ਇਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਨੰੂ ਸੌਂਪਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਅਦਾਇਗੀ ਨਾ ਕਰਨ ਕਰਕੇ ਕਿਸਾਨ ਆਰਥਿਕ ਪੱਧਰ 'ਤੇ ਟੁੱਟ ਚੁੱਕੇ ਹਨ ਅਤੇ ਕਿਸਾਨ ਗੰਨੇ ਦੀ ਕੀਤੀ ਨਵੀਂ ਬਿਜਾਈ ਤੋਂ ਬਾਅਦ ਫ਼ਸਲ ਦੀ ਸਾਂਭ ਸੰਭਾਲ, ਖਾਦਾਂ, ਦਵਾਈਆਂ ਪਾਉਣ ਤੋਂ ਵੀ ਅਸਮਰਥ ਹੁੰਦੇ ਜਾ ਰਹੇ ਹਨ | ਇੱਥੋਂ ਤੱਕ ਕਿ ਕਿਸਾਨ ਵਿਆਜ 'ਤੇ ਕਰਜ਼ਾ ਚੁੱਕ ਕੇ ਗੰਨੇ ਦੀ ਫ਼ਸਲ ਦੀ ਸਾਂਭ ਸੰਭਾਲ ਲਈ ਮਜਬੂਰ ਹਨ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਅਗਲੇ 12 ਤੋਂ 14 ਦਿਨਾਂ ਅੰਦਰ ਬਕਾਇਆ ਅਦਾਇਗੀ ਕਿਸਾਨਾਂ ਨੰੂ ਨਾ ਕੀਤੀ ਗਈ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ, ਸ਼ੂਗਰਫੈੱਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਵਧੀਕ ਡਿਪਟੀ ਕਮਿਸ਼ਨਰ ਨੰੂ ਮੰਗ ਪੱਤਰ ਦੇਣ ਵਾਲੇ ਕਿਸਾਨਾਂ ਦੇ ਵਫ਼ਦ 'ਚ ਜਗੀਰ ਸਿੰਘ, ਨਿਸ਼ਾਨ ਸਿੰਘ, ਅਮਿ੍ਤ ਟਾਂਡਾ, ਆਜ਼ਾਦ ਸਿੰਘ, ਹਰਮਨਜੀਤ ਸਿੰਘ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ |