ਗੁਰਦਾਸਪੁਰ, 19 ਜੁਲਾਈ (ਗੁਰਪ੍ਰਤਾਪ ਸਿੰਘ)-ਅੱਜ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵਲੋਂ ਸ਼ਹਿਰ ਦੇ ਬਟਾਲਾ ਰੋਡ ਸਥਿਤ ਗਊਸ਼ਾਲਾ ਵਿਚ 20 ਲੱਖ ਦੀ ਲਾਗਤ ਨਾਲ ਗਊਆਂ ਲਈ ਬਣਾਏ ਜਾਣ ਵਾਲੇ ਨਵੇਂ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਇਹ ਗਊਸ਼ਾਲਾ ਸਵਰਗੀ ਮਹੰਤ ਬਾਬਾ ਸ਼ਿਵੀ ਜੀ ਨੇ ਸ਼ੁਰੂ ਕੀਤੀ ਸੀ | ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ ਗਾਵਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਨੂੰ ਪਹਿਲਾਂ ਵਾਲੇ ਸ਼ੈੱਡ ਵਿਚ ਰੱਖਣਾ ਅਸੰਭਵ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ 165 ਤੋਂ ਵੱਧ ਗਊਆਂ ਹਨ | ਉਪਰੋਕਤ ਮਾਮਲਾ ਗਊਸ਼ਾਲਾ ਕਮੇਟੀ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਗਊਆਂ ਲਈ ਇਕ ਹੋਰ ਨਵਾਂ ਸ਼ੈੱਡ ਬਣਾਉਣ ਦੀ ਲੋੜ ਹੈ | ਜਿਸ ਕਾਰਨ ਨਗਰ ਕੌਂਸਲ ਵਲੋਂ 20 ਲੱਖ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ | ਗਊਸ਼ਾਲਾ ਦੇ ਮੁਖੀ ਜਤਿੰਦਰਜੀਤ ਸ਼ਰਮਾ ਅਤੇ ਬਾਬਾ ਸ਼ਿਵੀ ਜੀ ਦੇ ਪੁੱਤਰ ਹਿਤੇਸ਼ ਨਾਥ ਮਹੰਤ ਨੇ ਐਡਵੋਕੇਟ ਬਲਜੀਤ ਸਿੰਘ ਪਾਹੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਾਵਾਂ ਲਈ ਸ਼ੈੱਡ ਬਣਾਉਣਾ ਬਹੁਤ ਜ਼ਰੂਰੀ ਸੀ, ਕਿਉਂਕਿ ਜਗ੍ਹਾ ਘੱਟ ਹੋਣ ਕਾਰਨ ਗਾਵਾਂ ਨੂੰ ਰੱਖਣ ਅਤੇ ਉਨ੍ਹਾਂ ਦੀ ਸਫ਼ਾਈ ਕਰਨ ਵਿਚ ਵੱਡੀ ਸਮੱਸਿਆ ਆ ਰਹੀ ਸੀ | ਇਸ ਮੌਕੇ ਉਪ ਪ੍ਰਧਾਨ ਰਾਜ ਕੁਮਾਰ, ਸਰਪ੍ਰਸਤ ਰੰਜਨ ਸ਼ਰਮਾ ਰੰਜੂ, ਜਨਰਲ ਸਕੱਤਰ ਮਹੰਤ ਰਾਜ ਕੁਮਾਰ, ਕੈਸ਼ੀਅਰ ਰਾਜ ਕੁਮਾਰ ਸ਼ਰਮਾ, ਤਰਸੇਮ ਰਾਜ, ਪੁਨੀਤ ਰਾਏ, ਸੰਜੀਵ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਡਾ: ਹਰਤੇਜ ਸ਼ਰਮਾ ਤੋਂ ਇਲਾਵਾ ਸ਼ਹਿਰ ਦੇ ਉੱਘੇ ਲੋਕ ਅਤੇ ਕੌਂਸਲਰ ਵੀ ਮੌਜੂਦ ਸਨ |