ਗੁਰਦਾਸਪੁਰ, 19 ਜੁਲਾਈ (ਪੰਕਜ ਸ਼ਰਮਾ)-ਸਾਬਕਾ ਸੈਂਟਰਲ ਆਰਮਡ ਪੁਲਿਸ ਫੋਰਸ ਵੈੱਲਫੇਅਰ ਐੱਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੀ.ਜੀ.ਐੱਚ.ਐੱਸ ਦੀ ਸੁਵਿਧਾ ਗੁਰਦਾਸਪੁਰ ਵਿਚ ਜਲਦ ਲਿਆਉਣ ਅਤੇ ਵਿਧਵਾ ਔਰਤਾਂ ਦੀ ਭਲਾਈ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਵਿਚ ਸੀ.ਜੀ.ਐੱਚ.ਐੱਸ ਸੁਵਿਧਾ ਨਾ ਹੋਣ ਕਾਰਨ ਸਾਬਕਾ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੰੂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਡਾਇਰੈਕਟਰ ਸੀ.ਜੀ.ਐੱਚ.ਐੱਸ ਚੰਡੀਗੜ੍ਹ ਤੋਂ ਇਲਾਵਾ ਆਪਣੇ ਵਿਭਾਗ ਦੇ ਅਧਿਕਾਰੀਆਂ ਨੰੂ ਵੀ ਜਾਣੂ ਕਰਵਾਇਆ ਹੈ | ਇਸ ਮੌਕੇ ਐੱਸੋਸੀਏਸ਼ਨ ਵਲੋਂ 15 ਅਗਸਤ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਚੇਅਰਮੈਨ ਯਸ਼ਪਾਲ ਥਾਪਾ, ਉਪ ਚੇਅਰਮੈਨ ਜਰਨੈਲ ਸਿੰਘ, ਪ੍ਰਧਾਨ ਜਸਬੀਰ ਸਿੰਘ ਡਾਲਾ, ਜਨਰਲ ਸਕੱਤਰ ਹਰਬੰਸ ਸਿੰਘ, ਹੈੱਡ ਕੈਸ਼ੀਅਰ ਦਰਸ਼ਨ ਸਿੰਘ, ਮੈਂਬਰ ਮਹਿੰਦਰਪਾਲ, ਪ੍ਰਸ਼ੋਤਮ ਸਿੰਘ, ਧਰਮਪਾਲ ਆਦਿ ਹਾਜ਼ਰ ਸਨ |