ਗੁਰਦਾਸਪੁਰ, 19 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਅੰਦਰ ਪੈਂਦੀ ਤਿੱਬੜੀ ਛਾਉਣੀ ਦੇ ਸੀਵਰੇਜ ਦਾ ਗੰਦਾ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਜਾਣ ਕਰਕੇ ਜਿੱਥੇ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ, ਉੱਥੇ ਭੈੜੀ ਬਦਬੂ ਫੈਲਣ ਨਾਲ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੈ | ਨੰਬਰਦਾਰ ਹਰਭਜਨ ਸਿੰਘ, ਕਿਸਾਨ ਤਜਿੰਦਰ ਸਿੰਘ, ਤਰਸੇਮ ਲਾਲ, ਬਲਵਿੰਦਰ ਸਿੰਘ, ਹਰੀ ਸਿੰਘ ਤੇ ਰਛਪਾਲ ਸਿੰਘ ਨੇ ਦੱਸਿਆ ਕਿ ਪਿੰਡ ਚਾਵਾ ਤੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਸੜਕ 'ਤੇ ਪੈਂਦੇ ਪਿੰਡ ਨੰਗਲ ਲਮੀਨ ਦੀ ਜ਼ਮੀਨ ਤਿੱਬੜੀ ਦੀ ਹਦੂਦ ਨਾਲ ਲੱਗਦੀ ਹੈ ਅਤੇ ਤਿੱਬੜੀ ਛਾਉਣੀ ਦੇ ਸੀਵਰੇਜ ਦਾ ਪਾਣੀ ਬਰਸਾਤਾਂ 'ਚ ਓਵਰਫ਼ਲੋ ਹੋ ਕੇ ਕਿਸਾਨਾਂ ਦੇ ਖੇਤਾਂ ਵਿਚ ਡਿਗਦਾ ਹੈ, ਜਿਸ ਨਾਲ ਫ਼ਸਲ ਤਾਂ ਖ਼ਰਾਬ ਹੁੰਦੀ ਹੈ, ਉੱਥੇ ਪਾਣੀ ਨਾਲ ਮੱਖੀਆਂ ਮੱਛਰ ਤੇ ਕੀੜੇ ਮਕੌੜਿਆਂ ਦੀ ਭਰਮਾਰ ਦੇਖਣ ਨੰੂ ਮਿਲ ਰਹੀ ਹੈ ਅਤੇ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਬੰਜਰ ਬਣ ਰਹੀ ਹੈ, ਜਿਸ ਨਾਲ ਕਿਸਾਨ ਕਾਫ਼ੀ ਚਿੰਤਤ ਹਨ | ਉਪਰੋਕਤ ਆਗੂਆਂ ਤੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਤਿੱਬੜੀ ਛਾਉਣੀ ਦੇ ਸੀਵਰੇਜ ਦਾ ਗੰਦਾ ਪਾਣੀ ਬੰਦ ਕਰਵਾਉਣ ਲਈ ਐੱਮ.ਈ.ਐੱਸ ਤਿੱਬੜੀ ਕੈਂਟ ਦੇ ਅਧਿਕਾਰੀਆਂ ਨੰੂ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਬੰਜਰ ਹੋਣ ਤੋਂ ਬਚ ਸਕੇ | ਦੂਜੇ ਪਾਸੇ ਗੁਰਦੁਆਰਾ ਘੱਲੂਘਾਰਾ ਸਾਹਿਬ ਨੰੂ ਜਾਣ ਵਾਲੀ ਸੰਪਰਕ ਸੜਕ 'ਤੇ ਪਾਣੀ ਦੇ ਨਿਕਾਸ ਲਈ ਬਣੀਆਂ ਪੁਲੀਆਂ ਹੇਠਾਂ ਲੋਕ ਮਰੇ ਹੋਏ ਮੁਰਗ਼ੇ ਅਤੇ ਪਸ਼ੂ ਆਦਿ ਸੁੱਟ ਕੇ ਚਲੇ ਜਾਂਦੇ ਹਨ, ਜਿਸ ਨਾਲ ਇਲਾਕੇ ਅੰਦਰ ਭੈੜੀ ਬਦਬੂ ਫੈਲਦੀ ਹੈ | ਇਸ ਸਬੰਧੀ ਰਘੁਵੀਰ ਸਿੰਘ, ਅਸ਼ੋਕ ਕੁਮਾਰ ਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਉਕਤ ਸੜਕ 'ਤੇ ਨੇੜਲੇ ਪਿੰਡਾ ਦੇ ਲੋਕ ਸਵੇਰੇ ਸ਼ਾਮ ਸੈਰ ਵੀ ਕਰਦੇ ਹਨ ਅਤੇ ਕੁੱਤਿਆਂ ਦੀ ਭਰਮਾਰ ਵਧੇਰੇ ਹੋਣ ਕਰਕੇ ਲੋਕਾਂ ਨੇ ਸੈਰ ਕਰਨੀ ਵੀ ਬੰਦ ਕਰ ਦਿੱਤੀ ਹੈ, ਇਸ ਪਾਸੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੰੂ ਧਿਆਨ ਦੇਣ ਦੀ ਲੋੜ ਹੈ |