ਗੁਰਦਾਸਪੁਰ, 18 ਜੁਲਾਈ (ਪੰਕਜ ਸ਼ਰਮਾ)-ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਹਰਜਿੰਦਰ ਸਿੰਘ ਬੇਦੀ ਵਲੋਂ ਅੱਜ ਸਵੇਰੇ ਗੁਰਦਾਸਪੁਰ ਸ਼ਹਿਰ ਵਿਚ ਸਫ਼ਾਈ ਵਿਵਸਥਾ ਦਾ ਜਾਇਜ਼ਾ ਲਿਆ ਗਿਆ | ਨਗਰ ਕੌਂਸਲ ਤੋਂ ਸ਼ੁਰੂ ਹੋ ਕੇ ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਮੱਛੀ ਮਾਰਕੀਟ, ਹਨੂਮਾਨ ਚੌਕ, ਗੀਤਾ ਭਵਨ ਰੋਡ, ਡਾਕਖ਼ਾਨਾ ਚੌਕ ਤੇ ਜਹਾਜ਼ ਚੌਕ ਵਿਚ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਸਫ਼ਾਈ ਦਾ ਮੁਆਇਨਾ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ: ਹਰਜਿੰਦਰ ਸਿੰਘ ਬੇਦੀ ਨੇ ਸਫ਼ਾਈ ਕਰਮੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ | ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀ ਆਪਣੀਆਂ ਬੀਟਾਂ ਵਿਚ ਰੋਜ਼ਾਨਾ ਸਫ਼ਾਈ ਕਰਨ ਅਤੇ ਘਰਾਂ 'ਚੋਂ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਫ਼ਾਈ ਦੀ ਸਫ਼ਾਈ 'ਚ ਕੁਤਾਹੀ ਜਾਂ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਏ.ਡੀ.ਸੀ ਡਾ: ਬੇਦੀ ਨੇ ਸ਼ਹਿਰ ਵਿਚ ਸੀਵਰੇਜ ਵਿਵਸਥਾ ਦਾ ਜਾਇਜ਼ਾ ਲੈਂਦਿਆਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤ ਦੇ ਸੀਜ਼ਨ ਦੌਰਾਨ ਸੀਵਰੇਜ ਦੀ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ | ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਬਾਜ਼ਾਰਾਂ 'ਚ ਹੋਏ ਨਜਾਇਜ਼ ਕਬਜ਼ਿਆਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਆਵਾਜਾਈ ਵਿਚ ਮੁਸ਼ਕਿਲ ਪੇਸ਼ ਨਾ ਆਵੇ |