ਫ਼ਤਹਿਗੜ੍ਹ ਚੂੜੀਆਂ, 17 ਜੁਲਾਈ (ਐੱਮ.ਐੱਸ. ਫੁੱਲ)-ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਡੀ.ਡੀ.ਆਈ. ਸਕੂਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਏ ਪੀ.ਐੱਨ.ਬੀ. ਦੇ ਸੇਵਾ ਮੁਕਤ ਮੈਨੇਜਰ ਬਲਜੀਤ ਸਿੰਘ ਤੇ ਹਰਪ੍ਰਤਾਪ ਸਿੰਘ ਵਲੋਂ ਇਕ ਸੈਮੀਨਾਰ ਲਗਾਇਆ ਗਿਆ | ਸਕੂਲ ਦੇ ਐੱਮ.ਡੀ. ਇੰਦਰਜੀਤ ਸਿੰਘ ਭਾਟੀਆ ਦੀ ਰਹਿਨੁਮਾਈ ਹੇਠ ਸਕੂਲ ਦੇ ਅਕੈਡਮਿਕ ਡਾਇਰੈਕਟਰ ਸਤਿੰਦਰ ਕੌਰ ਮਰਵਾਹਾ ਤੇ ਉਪ ਪਿ੍ੰਸੀਪਲ ਸਵਲੀਨ ਭਾਟੀਆ ਵਲੋਂ ਲਗਵਾਏ ਇਸ ਸੈਮੀਨਾਰ ਦੌਰਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਯਾਦ ਰੱਖਣ ਦੇ ਨਾਲ-ਨਾਲ ਚੜਦੀ ਕਲਾ ਦੀ ਸੋਚ ਵੀ ਰੱਖਣੀ ਚਾਹੀਦੀ ਹੈ | ਉਨ੍ਹਾਂ ਇਨਸਾਨ ਨੂੰ ਪੌਜ਼ੀਟਿਵ ਸੋਚ ਦੇ ਨਾਲ-ਨਾਲ ਦਸਾਂ-ਨੋਹਾਂ ਦੀ ਕਿਰਤ ਕਰਨ ਬਾਰੇ ਕਿਹਾ | ਅਖੀਰ ਵਿਚ ਸਤਿੰਦਰ ਕੌਰ ਮਰਵਾਹਾ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਏ ਮੈਂਬਰਾਂ ਦਾ ਧੰਨਵਾਦ ਕੀਤਾ | ਅੰਤ ਵਿਚ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |