ਭੈਣੀ ਮੀਆਂ ਖਾਂ, 16 ਜੁਲਾਈ (ਜਸਬੀਰ ਸਿੰਘ ਬਾਜਵਾ)-ਨਜ਼ਦੀਕ ਪੈਂਦੇ ਪਿੰਡ ਝੰਡਾ ਗੁੱਜਰਾਂ ਦੇ ਪੀੜਤ ਪਰਿਵਾਰ ਨੇ ਪੁਲਿਸ ਉੱਤੇ ਦੋਸ਼ ਲਗਾਏ ਹਨ ਕਿ ਦਰਜ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਇਸ ਹਾਲਤ ਵਿਚ ਦੋਸ਼ੀ ਰੋਜ਼ਾਨਾ ਉਨ੍ਹਾਂ ਦੇ ਘਰ ਸਾਹਮਣੇ ਸ਼ਰੇਆਮ ਘੁੰਮਦੇ ਹਨ ਤੇ ਜਦੋਂ ਉਹ ਕਿਸੇ ਕੰਮ ਲਈ ਨੇੜਲੇ ਸ਼ਹਿਰ ਜਾਂ ਕਸਬੇ ਲਈ ਘਰ ਤੋਂ ਰਵਾਨਾ ਹੁੰਦੇ ਹਨ ਤਾਂ ਮਾਮਲੇ ਵਿਚ ਦਰਜ ਦੋਸ਼ੀ ਉਨ੍ਹਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਡਰਾਉਂਦੇ ਰਹਿੰਦੇ ਹਨ | ਇਹ ਜਾਣਕਾਰੀ ਪੀੜਤ ਪਰਿਵਾਰ ਦੇ ਮੈਂਬਰ ਕਮਲਜੀਤ ਸਿੰਘ ਅਤੇ ਮੁਕੇਸ਼ ਰਾਣੀ ਨੇ ਦਿੰਦਿਆਂ ਕਿਹਾ ਕਿ ਬੀਤੀ 19 ਜੂਨ ਨੂੰ ਉਨ੍ਹਾਂ ਨਾਲ ਹੋਏ ਝਗੜੇ ਵਿਚ ਨਾਮਜ਼ਦ ਮੁਲਜ਼ਮਾਂ ਨੂੰ ਪੁਲਿਸ ਵਲੋਂ ਗਿ੍ਫਤਾਰ ਨਹੀਂ ਕੀਤਾ ਜਾ ਰਿਹਾ | ਮਾਮਲੇ ਨਾਲ ਸਬੰਧਿਤ ਦੋਸ਼ੀ ਉਨ੍ਹਾਂ ਦਾ ਘਰ ਤੋਂ ਬਾਹਰ ਜਾਣ ਸਮੇਂ ਅਜੇ ਵੀ ਉਨ੍ਹਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਰਾਜੀਨਾਮੇਂ ਲਈ ਧਮਕਾਉਂਦੇ ਹਨ | ਇਥੇ ਵਰਨਣਯੋਗ ਹੈ ਕਿ ਬੀਤੀ 19 ਜੂਨ ਨੂੰ ਉਨ੍ਹਾਂ ਦਾ ਝਗੜਾ ਰਿਸ਼ਤੇ ਵਿਚ ਲਗਦੇ ਤਾਏ ਅਤੇ ਪਿੰਡ ਦੀ ਸਰਪੰਚ ਦੇ ਪਤੀ ਨਾਲ ਹੋਇਆ ਸੀ | ਉਸ ਮੌਕੇ ਤਾਏ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰ ਕੇ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਚਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ | ਜਦੋਂ ਉਹ ਇਸ ਦੀ ਸ਼ਿਕਾਇਤ ਥਾਣਾ ਕਾਹਨੂੰਵਾਨ ਵਿਖੇ ਲਿਖਵਾਉਣ ਲਈ ਗਏ ਤਾਂ ਥਾਣਾ ਮੁਖੀ ਨੇ ਕਮਲਜੀਤ ਸਿੰਘ ਨੂੰ ਥਾਣੇ ਵਿਚ ਬੰਦ ਕਰ ਲਿਆ | ਇਸ ਮੌਕੇ ਜਦੋਂ ਰਾਤ 10 ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਅਤੇ ਬੱਚੇ ਥਾਰ ਗੱਡੀ ਵਿਚ ਘਰ ਲਈ ਰਵਾਨਾ ਹੋਏ ਤਾਂ 5-6 ਹਮਲਾਵਰਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਇਕ ਨੌਜਵਾਨ ਗੰਭੀਰ ਜ਼ਖਮੀ ਕਰ ਕੇ ਉਨ੍ਹਾਂ ਦੀ ਨਵੀਂ ਗੱਡੀ ਬੁਰੀ ਤਰ੍ਹਾਂ ਭੰਨ ਗਏ ਸਨ | ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਜੋ ਉਹ ਦਹਿਸ਼ਤ ਦੇ ਮਾਹੌਲ ਤੋਂ ਸੁਰਖ਼ਰੂ ਹੋ ਸਕਣ | ਇਸ ਸਬੰਧੀ ਜਦੋਂ ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਤੋਂ ਪੱਖ ਲਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਥਾਣਾ ਮੁਖੀ ਤੋਂ ਜਾਣਕਾਰੀ ਲੈ ਕੇ ਦੱਸਣਗੇ |