ਕਿਲ੍ਹਾ ਲਾਲ ਸਿੰਘ, 15 ਜੁਲਾਈ (ਬਲਬੀਰ ਸਿੰਘ)-ਇਤਿਹਾਸਕ ਪਿੰਡ ਭਾਗੋਵਾਲ ਵਿਖੇ ਪ੍ਰਾਚੀਨ ਸਮੇਂ ਤੋਂ ਸਾਲਾਨਾ ਛਿੰਝ ਮੇਲਾ ਜੋ ਹਰ ਸਾਲ 22-23 ਜੁਲਾਈ ਨੂੰ ਬਾਬਾ ਮਤੈਹਰ ਸ਼ਾਹ ਅੱਲਾ ਵਲੀ ਦੀ ਯਾਦ ਵਿਚ ਬੜੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ | ਇਸ ਸਬੰਧੀ ਪਿੰਡ ਦੀਆਂ ਪੰਚਾਇਤਾਂ ਦੇ ਸਰਪੰਚ ਪਲਵਿੰਦਰ ਸਿੰਘ ਕਾਹਲੋਂ, ਸਰਪੰਚ ਗੁਰਪ੍ਰੀਤ ਸਿੰਘ ਭੇਜਾ ਕਾਹਲੋਂ ਨੇ ਦੱਸਿਆ ਕਿ 22 ਜੁਲਾਈ ਨੂੰ ਸਵੇਰੇ 10 ਵਜੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਵੇਗਾ, ਜਿਸ ਵਿਚ ਪ੍ਰਸਿੱਧ ਗਾਇਕ ਜੋੜੀ ਬਾਈ ਅਮਰਜੀਤ ਤੇ ਮਿਸ ਰਾਣੋ ਆਪਣੇ ਚਰਚਿਤ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ | ਸ਼ਾਮ ਵੇਲੇ ਕਬੱਡੀ ਦਾ ਸ਼ੋਅ ਮੈਚ ਤੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ | 23 ਜੁਲਾਈ ਨੂੰ ਵਿਸ਼ਵ ਪ੍ਰਸਿੱਧ ਗਾਇਕ ਆਰ ਨੇਤ ਦਾ ਖੁੱਲਾ ਅਖਾੜਾ ਲੱਗੇਗਾ | ਅੰਤਰਰਾਸ਼ਟਰੀ ਕਬੱਡੀ ਕਲੱਬਾਂ ਵਿਚਕਾਰ ਕਬੱਡੀ ਸ਼ੋਅ ਮੈਚ ਹੋਵੇਗਾ ਤੇ ਸ਼ਾਮ ਵੇਲੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਜਿਸ ਵਿਚ ਰੁਮਾਲੀ ਦੀ ਕੁਸ਼ਤੀ ਬਿਨੀਆਂ ਜੰਮੂ ਪਹਿਲਵਾਨ ਅਤੇ ਮੇਜਰ ਡੇਰਾ ਬਾਬਾ ਨਾਨਕ ਵਿਚਕਾਰ ਮੁਕਾਬਲਾ ਹੋਵੇਗਾ | ਮੇਲੇ ਦੀ ਪ੍ਰਧਾਨਗੀ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਕਰਨਗੇ | ਇਸ ਮੌਕੇ ਪੰਚ ਮੰਗੇਸ਼ ਕੁਮਾਰ, ਪੰਚ ਗੁਰਦੀਪ ਸਿੰਘ ਕਾਹਲੋਂ, ਪੰਚ ਭੁਪਿੰਦਰ ਸਿੰਘ ਪੱਪੀ, ਮਾਸਟਰ ਜਸਬੀਰ ਸਿੰਘ, ਪੰਚ ਮਨਜੀਤ ਸਿੰਘ, ਬਿਕਰਮਜੀਤ ਸਿੰਘ ਸੰਧੂ, ਕੁਲਵਿੰਦਰ ਸਿੰਘ ਸ਼ਾਹੂ, ਦਿਲਬਾਗ ਸਿੰਘ ਸ਼ਾਹ, ਪੰਚ ਦਿਲਬਾਗ ਕਾਹਲੋਂ ਆਦਿ ਹਾਜ਼ਰ ਸਨ |