ਗੁਰਦਾਸਪੁਰ, 15 ਜੁਲਾਈ (ਚੱਕਰਾਜਾ)-ਸਥਾਨਕ ਸ਼ਹਿਰ ਅੰਦਰ ਟਰੈਫ਼ਿਕ ਸਮੱਸਿਆ ਦਾ ਹੱਲ ਕਰਨ ਵਾਸਤੇ ਟਰੈਫ਼ਿਕ ਇੰਚਾਰਜ ਏ.ਐੱਸ.ਆਈ ਸਤਨਾਮ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਕਾਫ਼ੀ ਮਿਹਨਤ ਕਰਕੇ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ, ਫਿਰ ਵੀ ਈ ਰਿਕਸ਼ਾ ਚਾਲਕ ਗ਼ਲਤੀਆਂ ਤੋਂ ਬਾਜ਼ ਨਹੀਂ ਆ ਰਹੇ ਅਤੇ ਕਈ ਈ ਰਿਕਸ਼ਾ ਚਾਲਕ ਗ਼ਲਤ ਸਾਈਡ ਸੜਕ ਪਾਰ ਕਰਦੇ ਜਾਂ ਫਿਰ ਸ਼ਰਾਬ ਪੀ ਕੇ ਰਿਕਸ਼ਾ ਚਲਾਉਂਦੇ ਹਨ | ਜਿਸ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਟਰੈਫ਼ਿਕ ਪੁਲਿਸ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ 'ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸ਼ਹਿਰ ਅੰਦਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ 'ਤੇ ਸ਼ਹਿਰ ਅੰਦਰ ਟਰੈਫ਼ਿਕ ਨੂੰ ਪੂਰਨ ਤੌਰ 'ਤੇ ਹੱਲ ਕਰਨ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ ਅਤੇ ਉਸ ਦੇ ਹੱਲ ਲਈ ਥਾਂ ਥਾਂ ਅਤੇ ਚੌਕਾਂ 'ਤੇ ਪੁਲਿਸ ਚੌਕਸੀ ਵਧਾਈ ਗਈ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਕਈ ਵਾਰ ਈ ਰਿਕਸ਼ਾ ਚਾਲਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਈ ਰਿਕਸ਼ੇ ਸਹੀ ਤਰੀਕੇ ਨਾਲ ਚਲਾਉਣ ਅਤੇ ਆਪਣੇ ਕਾਗ਼ਜ਼ਾਤ ਪੂਰੇ ਰੱਖਣ | ਇਸ ਮੌਕੇ ਉਨ੍ਹਾਂ ਨਾਲ ਏ.ਐੱਸ.ਆਈ. ਹਰਦੀਪ ਸਿੰਘ, ਏ.ਐੱਸ.ਆਈ ਪ੍ਰਦੁਮਣ ਸਿੰਘ ਅਤੇ ਹੌਲਦਾਰ ਸੁਭਾਸ਼ ਚੰਦ ਆਦਿ ਹਾਜ਼ਰ ਸਨ |