12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਾਤਾ ਗੁਜਰੀ ਕਾਲਜ ਵਿਖੇ ਤਿੰਨ ਦਿਨਾਂ ਸ਼ਹੀਦੀ ਸਭਾ ਨੂੰ ਸਮਰਪਿਤ ਸਮਾਗਮਾਂ ਦੀ ਸ਼ਰਧਾ ਨਾਲ ਹੋਈ ਸ਼ੁਰੂਆਤ

ਅਜੀਤ ਡੈਸਕ 26-12-2025
ਫ਼ਤਹਿਗੜ੍ਹ ਸਾਹਿਬ, 25 ਦਸੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਮਾਤਾ ਗੁਜਰੀ ਕਾਲਜ ਵਿਖੇ ਸ਼ਰਧਾ ਭਾਵਨਾ ਨਾਲ ਹੋਈ | ਇਨ੍ਹਾਂ ਸਮਾਗਮਾਂ ਵਿਚ ਕਾਲਜ ਦੇ ਲਗਪਗ 500 ਵਲੰਟੀਅਰ ਵਿਦਿਆਰਥੀ ਸ਼ਹੀਦੀ ਸਭਾ ਦੇ ਸੇਵਾ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ | ਕਾਲਜ ਦੀ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਕਾਲਜ ਵਲੋਂ ਸ਼ਹੀਦੀ ਸਭਾ ਮੌਕੇ ਆਯੋਜਿਤ ਕਰਵਾਏ ਗਏ ਵੱਖ-ਵੱਖ ਸੇਵਾ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸਿੱਖ ਵਿਰਸੇ ਤੇ ਧਾਰਮਿਕ ਸੱਭਿਆਚਾਰ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਉਹ ਫ਼ਤਹਿਗੜ੍ਹ ਸਾਹਿਬ ਦੀ ਮੁਕੱਦਸ ਧਰਤੀ 'ਤੇ ਹੋਈਆਂ ਸ਼ਹਾਦਤਾਂ ਤੋਂ ਸੇਧ ਲੈ ਕੇ ਆਪਣੇ ਗੌਰਵਮਈ ਵਿਰਸੇ ਨਾਲ ਜੁੜ ਸਕਣ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਦੁਨੀਆ ਦੇ ਇਤਿਹਾਸ ਵਿਚ ਅਜਿਹੀ ਅਦੁੱਤੀ ਕੁਰਬਾਨੀ ਦੀ ਮਿਸਾਲ ਕਿਧਰੇ ਹੋਰ ਦੇਖਣ-ਸੁਣਨ ਨੂੰ ਨਹੀਂ ਮਿਲਦੀ, ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਅਤੇ ਸਿੱਖ ਵਿਚਾਰਧਾਰਾ ਨਾਲ ਜੁੜਨ ਲਈ ਉਤਸ਼ਾਹਿਤ ਕਰੀਏ | ਉਨ੍ਹਾਂ ਨੇ ਕਾਲਜ ਦੇ ਫ਼ਾਈਨ ਆਰਟਸ ਵਿਭਾਗ ਵਲੋਂ ਆਯੋਜਿਤ 'ਰੰਗ-ਏ-ਰੂਹਾਨੀਅਤ' ਕਲਾ ਪ੍ਰਦਰਸ਼ਨੀ ਦੀ ਵਿਸ਼ੇਸ਼ ਤੌਰ 'ਤੇ ਪ੍ਰਸੰਸਾ ਕਰਦਿਆਂ ਵਿਭਾਗ ਦੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ 31 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਾਲਜ ਵਲੋਂ ਕਰਵਾਏ ਗਏ ਸੇਵਾ ਕਾਰਜਾਂ ਬਾਰੇ ਦੱਸਿਆ ਕਿ ਕਾਲਜ ਦੇ ਐੱਨ.ਸੀ.ਸੀ. ਕੈਡਿਟ, ਐੱਨ.ਐੱਸ.ਐੱਸ. ਯੂਨਿਟ ਅਤੇ ਯੂਥ ਰੈੱਡ ਕਰਾਸ ਯੂਨਿਟ ਦੇ ਵਿਦਿਆਰਥੀ, ਮਾਤਾ ਗੁਜਰੀ ਸਟੱਡੀ ਸਰਕਲ ਦੇ ਵਲੰਟੀਅਰ, ਪੱਤਰਕਾਰੀ ਵਿਭਾਗ ਦੇ ਵਿਦਿਆਰਥੀ, ਵੱਖ-ਵੱਖ ਕਮੇਟੀਆਂ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਹੀਦੀ ਸਭਾ ਦੌਰਾਨ ਸੰਗਤਾਂ ਦੇ ਸੇਵਾ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ | ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸੇਵਾ ਕਾਰਜਾਂ ਵਿਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਵਿਚ ਨਿਮਰਤਾ, ਨਿਸ਼ਕਾਮ ਸੇਵਾ, ਧਰਮ ਪ੍ਰਤੀ ਜਾਗਰੂਕਤਾ ਤੇ ਆਪਸੀ ਸਹਿਯੋਗ ਦੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ | ਸ਼ਹੀਦੀ ਸਭਾ ਦੇ ਪਹਿਲੇ ਦਿਨ ਕਾਲਜ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੰਗਤ ਦੀਆਂ ਸਿਹਤ ਸਹੂਲਤਾਂ ਲਈ ਮੁਫ਼ਤ ਫ਼ਸਟ ਏਡ ਕੈਂਪ ਲਗਾਇਆ ਗਿਆ |
ਇਸ ਮੌਕੇ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੇ ਲੈਬ ਜਰਨਲ 'ਫ਼ਤਹਿ' ਦਾ ਸ਼ਹੀਦੀ ਸਭਾ ਨੂੰ ਸਮਰਪਿਤ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ | ਇਸ ਤੋਂ ਇਲਾਵਾ ਮਾਤਾ ਗੁਜਰੀ ਸਟੱਡੀ ਸਰਕਲ, ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਦੇ ਵਿਦਿਆਰਥੀਆਂ ਵਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਜੋੜਾ ਘਰ ਦੀ ਸੇਵਾ ਵੀ ਬਾਖ਼ੂਬੀ ਨਿਭਾਈ ਜਾ ਰਹੀ ਹੈ | ਇਸ ਮੌਕੇ ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਜਗਦੀਸ਼ ਸਿੰਘ, ਡਾ. ਸੁਖਜੀਤ ਕੌਰ, ਡਾ. ਸਤਨਾਮ ਸਿੰਘ, ਪ੍ਰੋ. ਬੀਰਇੰਦਰ ਸਿੰਘ ਸਰਾਓ, ਪ੍ਰੋ. ਰਵਿੰਦਰ ਕੌਰ, ਡਾ. ਅਵਨੀਤ ਕੌਰ, ਡਾ. ਗੁਰਬਾਜ ਸਿੰਘ, ਪ੍ਰੋ. ਹਰਭਿੰਦਰ ਸਿੰਘ, ਡਾ. ਜੁਝਾਰ ਸਿੰਘ, ਡਾ. ਪੁਸ਼ਪਿੰਦਰ ਸਿੰਘ, ਡਾ. ਹਰਗੁਣਪ੍ਰੀਤ ਸਿੰਘ, ਪ੍ਰੋ. ਬਨਿੰਦਰ ਕੌਰ, ਪ੍ਰੋ. ਗੁਰਲੀਨ ਕੌਰ, ਹਰਿੰਦਰ ਸਿੰਘ, ਗੁਰਪਿੰਦਰ ਸਿੰਘ, ਕੋਚ ਬਹਾਦਰ ਸਿੰਘ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਟੈਕ ਕੈਡ ਅਤੇ ਰਿਮਟ ਯੂਨੀਵਰਸਿਟੀ ਨੇ ਉਦਯੋਗ-ਅਕਾਦਮਿਕ ਸਹਿਯੋਗ ਲਈ ਸਮਝੌਤਾ ਪੱਤਰ 'ਤੇ ਕੀਤੇ ਦਸਤਖ਼ਤ ਅਗਲੀ ਖ਼ਬਰ ਨਾਭਾ ਦੀ ਬਾਈਪਾਸ ਸੜਕ, ਪੱਥਰਾਂ ਵਾਲੀ ਸੜਕ ਤੇ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।