ਅਮਲੋਹ, 19 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਹੀ ਤਰਜੀਹ ਰਹੀ ਹੈ ਕਿ ਉਹ ਲੋਕ ਹਿਤੈਸ਼ੀ ਕਾਰਜਾਂ ਨੂੰ ਪਹਿਲ ਦੇਣ ਨਾ ਕਿ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਨੂੰ | ਗੈਰੀ ਬੜਿੰਗ ਅੱਜ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਉਨ੍ਹਾਂ ਵਲੋਂ ਅੱਧੀ ਦਰਜਨ ਦੇ ਕਰੀਬ ਅਜਿਹੇ ਪ੍ਰੋਜੈਕਟਾਂ ਉੱਪਰ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲ ਇਲਾਕੇ ਦੀ ਨੁਹਾਰ ਬਦਲ ਜਾਵੇਗੀ | ਉਨ੍ਹਾਂ ਦੇ ਹਲਕੇ ਵਿਚ ਪੈਂਦੇ ਸਾਰੇ ਰਜਵਾਹਿਆਂ ਨੂੰ ਪੱਕੇ ਕਰਨ ਲਈ ਉਨ੍ਹਾਂ ਵਲੋਂ ਇਕ ਵੱਡਾ ਪ੍ਰੋਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ, ਜਿਸ ਦੀ ਜਲਦ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ | ਨਿਰਮਾਣ ਅਧੀਨ ਸਥਾਨਕ ਪ੍ਰਬੰਧਕੀ ਕੰਪਲੈਕਸ ਬਾਰੇ ਪੁੱਛਣ 'ਤੇ ਗੈਰੀ ਬੜਿੰਗ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਨੇਪਰੇ ਚੜ੍ਹਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ | ਉਨ੍ਹਾਂ ਆਸ ਜਤਾਈ ਕਿ ਇਸੇ ਵਿੱਤੀ ਵਰੇ੍ਹ ਦੌਰਾਨ ਇਸ ਪ੍ਰੋਜੈਕਟ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਸਾਰੇ ਪ੍ਰਬੰਧਕੀ ਅਦਾਰੇ ਇੱਥੇ ਤਬਦੀਲ ਕਰ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਦੇ ਲਈ ਆਉਣ ਲਈ ਸੌਖ ਹੋ ਜਾਵੇਗੀ | ਕਿਉਂਕਿ ਇਸ ਸਮੇਂ ਜਿੱਥੇ ਪ੍ਰਬੰਧਕੀ ਦਫ਼ਤਰ ਚੱਲ ਰਹੇ ਹਨ, ਉੱਥੇ ਪਾਰਕਿੰਗ ਅਤੇ ਜਾਮ ਦੀ ਵੱਡੀ ਸਮੱਸਿਆ ਪੇਸ਼ ਆ ਰਹੀ ਹੈ | ਗੈਰੀ ਬੜਿੰਗ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਲਕੇ ਵਿਚ ਕੁਝ ਨਵੀਆਂ ਸੜਕਾਂ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਹਰੀਪੁਰ ਮਾਈਨਰ ਦੇ ਨਾਲ-ਨਾਲ ਅਮਲੋਹ ਤੋਂ ਬੜੈਚਾਂ ਅਤੇ ਅੱਗੇ ਸ਼ੇਰਪੁਰ ਮਾਜਰੇ ਤੱਕ ਇਕ ਨਵੀਂ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਜਿਸ ਨਾਲ ਦਰਜਨ ਡੇਢ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਅਨਾਜ ਮੰਡੀ ਵਿਚ ਪਹੁੰਚਣ ਲਈ ਸੌਖ ਹੋ ਜਾਵੇਗੀ | ਕਿਉਂਕਿ ਇਸ ਸੜਕ ਵਿਚ ਕੋਈ ਵੀ ਮੋੜ ਨਹੀਂ ਅਤੇ ਸਿੱਧੇ ਤੌਰ 'ਤੇ ਇਨ੍ਹਾਂ ਪਿੰਡਾਂ ਨੂੰ ਅਨਾਜ ਮੰਡੀ ਨਾਲ ਜੋੜ ਦੇਵੇਗੀ | ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਜਿਨਸਾਂ ਮੰਡੀ ਵਿਚ ਵੇਚਣ ਲਈ ਲਿਆਉਣ ਵਿਚ ਬਹੁਤ ਸੌਖ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਅਮਲੋਹ ਦੇ ਮੰਡੀ ਗੋਬਿੰਦਗੜ੍ਹ ਚੌਂਕ ਵਿਚ ਲੱਗਣ ਵਾਲੇ ਜਾਮ ਤੋਂ ਰਾਹਤ ਦਿਵਾਉਣ ਲਈ ਜਲਦ ਹੀ ਇੱਥੇ ਟ੍ਰੈਫ਼ਿਕ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ | ਇਹ ਪੁੱਛਣ 'ਤੇ ਕਿ ਇਸ ਪ੍ਰੋਜੈਕਟ ਲਈ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਜ਼ਮੀਨਾਂ ਦੇ ਅਵਾਰਡ ਸੁਣਾਉਣ ਵਿਚ ਦੇਰੀ ਹੋਣ ਦੇ ਕੀ ਕਾਰਨ ਹਨ?, ਸਬੰਧੀ ਗੈਰੀ ਬੜਿੰਗ ਨੇ ਕਿਹਾ ਕਿ ਪਿਛਲੇ ਸਮੇਂ 'ਚ ਪ੍ਰਸ਼ਾਸਨਿਕ ਪੱਧਰ 'ਤੇ ਕੁਝ ਊਣਤਾਈਆਂ ਰਹੀਆਂ ਪਰ ਹੁਣ ਉਹ ਕੋਸ਼ਿਸ਼ ਕਰ ਰਹੇ ਹਨ ਕਿ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਵੱਧ ਤੋਂ ਵੱਧ ਮੁਆਵਜ਼ਾ ਦਿਵਾਇਆ ਜਾਵੇ |