ਫ਼ਤਹਿਗੜ੍ਹ ਸਾਹਿਬ, 19 ਨਵੰਬਰ (ਮਨਪ੍ਰੀਤ ਸਿੰਘ)-ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਸਵਪਨਜੀਤ ਕੌਰ ਨੇ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾ ਅਚਨਚੇਤ ਦੌਰਾ ਕੀਤਾ | ਇਸ ਦੌਰੇ ਦੌਰਾਨ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਵੀ ਉਨ੍ਹਾਂ ਦੇ ਨਾਲ ਰਹੇ | ਡਾ. ਸਵਪਨਜੀਤ ਕੌਰ ਨੇ ਹਸਪਤਾਲ ਦੀ ਓ.ਪੀ.ਡੀ., ਜੱਚਾ-ਬੱਚਾ ਵਾਰਡ, ਆਪੇ੍ਰਸ਼ਨ ਥੀਏਟਰ, ਗਾਇਨੀ ਵਿਭਾਗ, ਨਿੱਕੂ ਵਾਰਡ, ਲੇਬਰ ਰੂਮ ਆਦਿ ਦਾ ਨਿਰੀਖਣ ਕੀਤਾ | ਉਨ੍ਹਾਂ ਹਸਪਤਾਲ ਵਿਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ 'ਤੇ ਤਸੱਲੀ ਪ੍ਰਗਟ ਕੀਤੀ | ਉਨ੍ਹਾਂ ਮੌਕੇ 'ਤੇ ਹਾਜ਼ਰ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਲਕਸ਼ਿਆ ਦੇ ਮਾਪਦੰਡ ਅਨੁਸਾਰ ਸੰਸਥਾ ਦੇ ਲੇਬਰ ਰੂਮ, ਗਾਇਨੀ ਆਪੇ੍ਰਸ਼ਨ ਥੀਏਟਰ ਅਤੇ ਜੱਚਾ-ਬੱਚਾ ਵਿਭਾਗ ਵਿਚ ਲੋੜਵੰਦਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ ਅਤੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਇਹ ਸਹੂਲਤਾਂ ਆਮ ਲੋਕਾਂ ਨੂੰ ਪ੍ਰਦਾਨ ਕਰਨ ਵਿਚ ਕੋਈ ਘਾਟ ਨਾ ਛੱਡੀ ਜਾਵੇ | ਉਨ੍ਹਾਂ ਕਿਹਾ ਕਿ ਹਸਪਤਾਲ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਅਤੇ ਜੇਕਰ ਸਟਾਫ਼ ਦੀ ਘਾਟ ਹੈ ਤਾਂ ਉਸ ਨੂੰ ਪੂਰੇ ਕਰਨ ਦੇ ਉਪਰਾਲੇ ਕੀਤੇ ਜਾਣ | ਉਨ੍ਹਾਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੂੰ ਕਿਹਾ ਕਿ ਉਹ ਸੰਸਥਾ ਵਿਚ ਅੱਠ ਸਾਲ ਤੋਂ ਵਧੇਰੇ ਤਜਰਬੇ ਵਾਲੇ ਮਾਹਿਰ ਡਾਕਟਰਾਂ ਦੇ ਵਿੰਗਾਂ ਵਿਚ ਡੀ.ਐਨ.ਬੀ. ਦੀ ਸ਼ੁਰੂਆਤ ਕਰਾਉਣ ਲਈ ਵੀ ਉਪਰਾਲੇ ਕਰਨ | ਇਸ ਮੌਕੇ 'ਤੇ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਨਰਸਿੰਗ ਸਿਸਟਰ ਪਰਵਿੰਦਰ ਕੌਰ ਅਤੇ ਸਟਾਫ਼ ਨਰਸ ਪਿ੍ਅੰਕਾ ਥੋਮਸ ਆਦਿ ਹਾਜ਼ਰ ਸਨ |