ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵਲੋਂ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਰਸੋਈ ਬਾਗ਼ਬਾਨੀ ਬਾਰੇ ਇਕ-ਦਿਨਾ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦਾ ਉਦੇਸ਼ ਟਿਕਾਊ, ਵਿਸ਼-ਰਹਿਤ ਅਤੇ ਘਰੇਲੂ ਖਾਦ ਉਤਪਾਦਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਸੀ | ਵਰਕਸ਼ਾਪ ਦੀ ਅਗਵਾਈ ਉਪ ਕੁਲਪਤੀ (ਡਾ.) ਪਰਿਤਪਾਲ ਸਿੰਘ ਨੇ ਕੀਤੀ, ਜਿਨ੍ਹਾਂ ਨੇ ਵਿਭਾਗ ਦੁਆਰਾ ਕੀਤੀ ਪਹਿਲਕਦਮੀ ਦੀ ਸਰਾਹਨਾ ਕਰਦਿਆਂ ਭਾਗੀਦਾਰਾਂ ਨੂੰ ਕੁਦਰਤੀ ਅਤੇ ਸਵੈ-ਨਿਰਭਰ ਖ਼ੁਰਾਕ ਪ੍ਰਣਾਲੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਰਸੋਈ ਬਾਗ਼ਬਾਨੀ ਭੋਜਨ ਸੁਰੱਖਿਆ ਤੇ ਪੋਸ਼ਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਵਿਚ ਵੀ ਯੋਗਦਾਨ ਪਾਉਂਦੀ ਹੈ | ਸਵਾਗਤੀ ਭਾਸ਼ਣ ਡਾ. ਜਸਪ੍ਰੀਤ ਕੌਰ ਢਿੱਲੋਂ ਮੁਖੀ ਖੇਤੀਬਾੜੀ ਵਿਭਾਗ ਨੇ ਦਿੱਤਾ | ਵਰਕਸ਼ਾਪ ਵਿਚ ਮੁੱਖ ਬੁਲਾਰੇ ਵਜੋਂ ਡਾ. ਜੇ. ਐੱਨ. ਭਾਟੀਆ, ਰਸਪਿੰਦਰ ਸਿੰਘ, ਗੁਰਮਿੱਤਰ ਸਿੰਘ (ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਪੋ੍ਰਗੈ੍ਰਸਿਵ ਕਿਸਾਨ) ਤੇ ਰਜੇਵ ਭਾਸਕਰ ਪੋ੍ਰਗੈ੍ਰਸਿਵ ਕਿਸਾਨ ਨੇ ਕੁਦਰਤੀ ਖੇਤੀ, ਜ਼ਹਿਰ-ਰਹਿਤ ਉਤਪਾਦਨ ਤੇ ਵਾਤਾਵਰਨ-ਮਿਤ੍ਰ ਖੇਤੀ ਪ੍ਰਣਾਲੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਯੂਨੀਵਰਸਿਟੀ ਦੇ ਖੇਤੀ ਫਾਰਮ ਵਿਚ ਡਾ. ਸੀ. ਪੀ. ਮਹਲਾ, ਡਾ. ਉਮੇਸ਼ ਸਤੀ, ਡਾ. ਨਵਦੀਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਪ੍ਰਯੋਗਾਤਮਿਕ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਭਾਗੀਦਾਰਾਂ ਨੇ ਰਸੋਈ ਬਾਗ਼ਬਾਨੀ ਅਤੇ ਕੁਦਰਤੀ ਖੇਤੀ ਦੇ ਤਰੀਕਿਆਂ ਦਾ ਵਿਵਹਾਰਿਕ ਗਿਆਨ ਪ੍ਰਾਪਤ ਕੀਤਾ | ਵਰਕਸ਼ਾਪ ਦੀ ਸਮਾਪਤੀ ਡਾ. ਅਮਨਦੀਪ ਚੀਮਾ ਸਹਾਇਕ ਪ੍ਰੋਫ਼ੈਸਰ ਖੇਤੀਬਾੜੀ ਵਿਭਾਗ ਦੁਆਰਾ ਪੇਸ਼ ਕੀਤੇ ਧੰਨਵਾਦ ਦੇ ਮਤੇ ਨਾਲ ਹੋਈ |