ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਬਲਜਿੰਦਰ ਸਿੰਘ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਉਲੀਕੇ ਸਮਾਗਮਾਂ ਦੀ ਲੜੀ ਤਹਿਤ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੇ ਯਤਨਾਂ ਸਦਕਾ ਪਿੰਡ ਪੰਜੋਲੀ ਕਲਾਂ ਵਿਖੇ ਪੰਜਾਬੀ ਰੰਗਮੰਚ ਪਟਿਆਲਾ ਵਲੋਂ 'ਧਰਮ ਹੇਤਿ ਸਾਕਾ ਜਿਨ ਕੀਆ' ਨਾਟਕ ਖੇਡਿਆ ਗਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਪੰਜੋਲੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੇ ਭੈਅ ਭੀਤ ਹੋ ਚੁੱਕੀ ਮਨੁੱਖਤਾ ਨੂੰ ਨਿਰਭੈ ਪੱਦ ਦਾ ਜੀਵਨ ਪ੍ਰਦਾਨ ਕੀਤਾ | ਪੰਜੋਲੀ ਨੇ ਕਿਹਾ ਕਿ ਅੱਜ ਜਦੋਂ ਇਤਿਹਾਸ ਪੜ੍ਹਨ ਲਈ ਨੌਜਵਾਨ ਪੀੜ੍ਹੀ ਦੀ ਕੋਈ ਰੁਚੀ ਨਹੀਂ ਹੈ ਤਾਂ ਉਨ੍ਹਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਲਾਈਟ ਐਂਡ ਸਾਊਾਡ ਰਾਹੀਂ ਖੇਡੇ ਜਾ ਰਹੇ ਨਾਟਕ ਵਧੀਆ ਤਰੀਕਾ ਹਨ | ਇਸ ਸਮੇਂ ਅਮਰੀਕਾ ਤੋਂ ਆਏ ਪੰਥਕ ਆਗੂ ਬਲਵੀਰ ਸਿੰਘ ਢੱਟ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੁੜਨਾ ਚਾਹੀਦਾ ਹੈ | ਇਸ ਮੌਕੇ ਪੰਥਕ ਢਾਡੀ ਭਾਈ ਮਲਕੀਅਤ ਸਿੰਘ ਲੌਂਗੋਵਾਲ ਦੇ ਜਥੇ ਨੇ ਵਾਰਾਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ ਲਹੂ ਭਿੱਜਿਆ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ | ਉਪਰੰਤ ਭਾਈ ਹਰਵਿੰਦਰਪਾਲ ਸਿੰਘ ਸੇਠੀ ਦੀ ਅਗਵਾਈ ਵਿਚ ਪੰਜਾਬੀ ਰੰਗ ਮੰਚ ਪਟਿਆਲਾ ਵਲੋਂ 'ਧਰਮ ਹੇਤਿ ਸਾਕਾ ਜਿਨ ਕੀਆ' ਨਾਟਕ ਖੇਡਿਆ ਗਿਆ, ਜਿਸ ਦੀ ਸੰਗਤਾਂ ਨੇ ਭਰਪੂਰ ਪ੍ਰਸੰਸਾ ਕੀਤੀ | ਇਸ ਮੌਕੇ ਸੰਗਤ ਵਲੋਂ ਅਮਰੀਕਾ ਨਿਵਾਸੀ ਬਲਵੀਰ ਸਿੰਘ ਢੱਟ, ਨਾਟਕ ਦੇ ਡਾਇਰੈਕਟਰ ਹਰਵਿੰਦਰ ਸਿੰਘ ਸੇਠੀ ਅਤੇ ਪੰਥਕ ਢਾਡੀ ਮਲਕੀਅਤ ਸਿੰਘ ਲੌਂਗੋਵਾਲ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਨਦੀਪ ਸਿੰਘ ਤਰਖਾਣ ਮਾਜਰਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਜੈ ਸਿੰਘ ਬਾੜਾ, ਸੁਖਦੇਵ ਸਿੰਘ ਤੇਜੇ, ਗਿਆਨ ਸਿੰਘ ਧਾਲੀਵਾਲ, ਜਤਿੰਦਰ ਸਿੰਘ ਲਾਡੀ, ਸਤਨਾਮ ਸਿੰਘ ਬਾਠ, ਹਰਜਿੰਦਰ ਸਿੰਘ ਬਾਠ, ਮਲਕੀਅਤ ਸਿੰਘ ਪੰਜੋਲੀ, ਬਚਿੱਤਰ ਸਿੰਘ ਪੰਜੋਲਾ, ਲਵਪ੍ਰੀਤ ਸਿੰਘ ਪੰਜੋਲੀ ਤੇ ਹੋਰ ਹਾਜ਼ਰ ਸਨ |