ਮੰਡੀ ਗੋਬਿੰਦਗੜ੍ਹ, 18 ਨਵੰਬਰ (ਰਾਜੇਸ਼ ਸ਼ਰਮਾ)-ਮੰਡੀ ਗੋਬਿੰਦਗੜ੍ਹ ਸ਼ਹਿਰ ਅੰਦਰ ਸੜਕਾਂ ਤੇ ਬਾਜ਼ਾਰਾਂ ਵਿਚ ਕਈ ਥਾਵਾਂ 'ਤੇ ਦੁਕਾਨਦਾਰਾਂ ਵਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਸਨ, ਜਿਸ ਨਾਲ ਬਾਜ਼ਾਰ ਵਿਚ ਜਿੱਥੇ ਆਵਾਜਾਈ ਪ੍ਰਭਾਵਿਤ ਹੁੰਦੀ ਸੀ, ਉੱਥੇ ਹੀ ਰਾਹਗੀਰਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸੇ ਤਰ੍ਹਾਂ ਸਰਵਿਸ ਰੋਡ ਅਤੇ ਅਮਲੋਹ ਰੋਡ 'ਤੇ ਕੁੱਝ ਲੋਕਾਂ ਵਲੋਂ ਨਜਾਇਜ਼ ਤੌਰ 'ਤੇ ਖੋਖੇ ਰੱਖੇ ਹੋਏ ਹਨ, ਜਿਸ ਦੀਆਂ ਸ਼ਿਕਾਇਤਾਂ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੂੰ ਮਿਲ ਰਹੀਆਂ ਸਨ, ਜਿਸ 'ਤੇ ਕਾਰਵਾਈ ਕਰਦਿਆਂ ਅੱਜ ਕੌਂਸਲ ਪ੍ਰਧਾਨ ਪਿ੍ੰਸ ਤੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਦੀ ਅਗਵਾਈ ਵਿਚ ਕੌਂਸਲ ਦੀ ਟੀਮ ਵਲੋਂ ਸਥਾਨਕ ਮੇਨ ਬਾਜ਼ਾਰ ਤੇ ਸਰਵਿਸ ਰੋਡ ਦੇ ਨਾਜਾਇਜ਼ ਕਬਜ਼ਾਧਾਰੀਆਂ 'ਤੇ ਕਾਰਵਾਈ ਕੀਤੀ ਗਈ | ਇਸ ਮੌਕੇ ਕੌਂਸਲ ਪ੍ਰਧਾਨ ਪਿ੍ੰਸ ਨੇ ਦੱਸਿਆ ਕਿ ਸ਼ਹਿਰ ਵਿਚ ਖ਼ਾਸ ਤੌਰ 'ਤੇ ਮੇਨ ਬਾਜ਼ਾਰ, ਅਮਲੋਹ ਰੋਡ, ਬੈਂਕ ਆਫ਼ ਇੰਡੀਆ ਰੋਡ, ਐਰੀ ਮਿਲ ਰੋਡ 'ਤੇ ਕਈ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਵਲੋਂ ਸੜਕਾਂ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਸੀ ਅਤੇ ਆਮ ਲੋਕਾਂ ਨੂੰ ਆਉਣ ਜਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਸਬੰਧੀ ਸਥਾਨਕ ਨਿਵਾਸੀਆਂ ਵਲੋਂ ਲਗਾਤਾਰ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਨਗਰ ਕੌਂਸਲ ਵਿਚ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਵਿਧਾਇਕ ਬੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਗਰ ਕੌਂਸਲ ਵਲੋਂ ਇਹ ਕਰਵਾਈ ਕੀਤੀ ਗਈ ਹੈ | ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਨਾਜਾਇਜ਼ ਕਬਜ਼ੇ ਇਸੇ ਤਰ੍ਹਾਂ ਲਗਦੇ ਰਹੇ ਤਾਂ ਅਜਿਹੀ ਕਰਵਾਈ ਲਗਾਤਾਰ ਜਾਰੀ ਰਹੇਗੀ ਤੇ ਸਮਾਨ ਨੂੰ ਬਾਹਰ ਰੱਖਣ ਵਾਲਿਆਂ ਦੇ ਚਲਾਨ ਕਰ ਜ਼ੁਰਮਾਨੇ ਵੀ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਵਲੋਂ ਆਪਣੀਆਂ ਗੱਡੀਆਂ ਬਾਜ਼ਾਰਾਂ ਵਿਚ ਜਾਂ ਗਲੀਆਂ ਵਿਚ ਪਾਰਕਿੰਗ ਕੀਤੀਆਂ ਜਾਂਦੀਆਂ ਹਨ ਜੋ ਕਿ ਕਈ-ਕਈ ਦਿਨਾਂ ਤੱਕ ਉੱਥੇ ਹੀ ਖੜ੍ਹੀਆਂ ਰਹਿੰਦੀਆਂ ਹਨ, ਉਨ੍ਹਾਂ ਖ਼ਿਲਾਫ਼ ਵੀ ਕੌਂਸਲ ਵਲੋਂ ਆਉਣ ਵਾਲੇ ਦਿਨਾਂ ਵਿਚ ਟ੍ਰੈਫ਼ਿਕ ਪੁਲਿਸ ਨਾਲ ਮਿਲ ਕੇ ਕਰਵਾਈ ਸ਼ੁਰੂ ਕੀਤੀ ਜਾਵੇਗੀ | ਸ਼ਹਿਰ ਵਿਚ ਨਜਾਇਜ਼ ਤੌਰ 'ਤੇ ਚੱਲ ਰਹੀਆਂ ਮੀਟ ਦੀਆਂ ਰੇਹੜੀਆਂ ਤੇ ਦੁਕਾਨਾਂ ਦੇ ਸਵਾਲ 'ਤੇ ਪ੍ਰਧਾਨ ਪਿ੍ੰਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਖੁੱਲ੍ਹੇ ਵਿਚ ਮੀਟ ਵੇਚਣ ਤੇ ਫੜੀਆਂ ਦੁਕਾਨਾਂ ਲਗਾਉਣੀਆਂ ਬੰਦ ਕਰ ਦੇਣ, ਨਹੀਂ ਫਿਰ ਉਨ੍ਹਾਂ ਨਜਾਇਜ਼ ਦੁਕਾਨਦਾਰਾਂ 'ਤੇ ਵੀ ਕੌਂਸਲ ਵਲੋਂ ਜਲਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਿਸ ਦੇ ਜ਼ਿੰਮੇਵਾਰ ਦੁਕਾਨਦਾਰ ਖ਼ੁਦ ਹੋਣਗੇ | ਇਸ ਦੌਰਾਨ ਨਗਰ ਕੌਂਸਲ ਦੇ ਬਿਕਾਂਤ ਵਿਰਮੀ, ਰਾਕੇਸ਼ ਕੁਮਾਰ ਤੇ ਤਹਿਬਾਜ਼ਾਰੀ ਟੀਮ ਮੌਜੂਦ ਰਹੀ |