ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਪੱਤਰ ਪ੍ਰੇਰਕ)-ਮਾਰਕੀਟ ਕਮੇਟੀ ਸਰਹਿੰਦ ਫ਼ਤਹਿਗੜ੍ਹ ਸਾਹਿਬ ਅਧੀਨ ਆਉਂਦੀ ਤੇ ਨਵੀਂ ਬਣ ਰਹੀ ਭਗੜਾਣਾ ਅਨਾਜ ਮੰਡੀ ਦੇ ਨੀਂਹ ਪੱਥਰ ਸਮਾਗਮ 'ਚ ਜਿਨ੍ਹਾਂ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੀ ਬਦਨਾਮੀ ਕਰਨ ਲਈ ਜੋ ਕੁਤਾਹੀ ਕੀਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਅਧਿਕਾਰੀ ਅਜਿਹੀ ਕੁਤਾਹੀ ਨਾ ਕਰੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ 'ਆਪ' ਦੇ ਸੂਬਾ ਸਪੋਕਸਮੈਨ ਤੇ ਮਾਰਕੀਟ ਕਮੇਟੀ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਚੇਅਰਮੈਨ ਢਿੱਲੋਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਭਗੜਾਣਾ ਵਲੋਂ ਅਨਾਜ ਮੰਡੀ ਲਈ ਜਗ੍ਹਾ ਦਿੱਤੀ ਗਈ ਸੀ ਤੇ ਅਨਾਜ ਮੰਡੀ ਦਾ ਕੰਮ ਵੀ ਚੱਲ ਰਿਹਾ ਹੈ, ਹਲਕੇ ਦੇ ਇਕ ਨੁਮਾਇੰਦੇ ਦੁਆਰਾ ਨਵੀਂ ਬਣ ਰਹੀ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ, ਜਿਸ 'ਤੇ ਪੰਚਾਇਤ ਤੇ ਨਗਰ ਨਿਵਾਸੀਆਂ ਦਾ ਵੇਰਵਾ ਨਹੀਂ ਪਾਇਆ ਗਿਆ, ਜਿਸ 'ਤੇ ਇਲਾਕਾ ਨਿਵਾਸੀ ਨਾਰਾਜ਼ ਹੋ ਗਏ ਤੇ ਨੀਂਹ ਪੱਥਰ ਰੱਖੇ ਜਾਣ ਦਾ ਸਮਾਗਮ ਵੀ ਨਹੀਂ ਹੋ ਪਾਇਆ | ਚੇਅਰਮੈਨ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਪੰਚਾਇਤ ਨਾਲ ਗੱਲ ਕੀਤੀ ਗਈ ਹੈ ਤੇ ਉਨ੍ਹਾਂ ਇਸ ਸਮਾਗਮ ਨੂੰ ਪੰਚਾਇਤ ਤੇ ਇਲਾਕਾ ਨਿਵਾਸੀਆਂ ਤੋਂ ਬਿਨਾਂ ਕੀਤੇ ਜਾਣ ਨੂੰ ਮੰਦਭਾਗਾ ਦੱਸਿਆ | ਉਨ੍ਹਾਂ ਕਿਹਾ ਕਿ ਪੰਚਾਇਤ ਤੇ ਇਲਾਕਾ ਨਿਵਾਸੀਆਂ ਦੀ ਇਸ ਮੰਡੀ ਨੂੰ ਬਣਾਉਣ 'ਚ ਭਾਗੀਦਾਰੀ ਨੂੰ ਉਦਘਾਟਨ ਪੱਥਰ 'ਤੇ ਉੱਕਰਿਆ ਜਾਣਾ ਚਾਹੀਦਾ ਸੀ, ਪਰ ਕੁਝ ਅਧਿਕਾਰੀਆਂ ਦੁਆਰਾ ਅਜਿਹਾ ਨਾ ਕੀਤੇ ਜਾਣ 'ਤੇ ਇਲਾਕਾ ਵਾਸੀਆਂ 'ਚ ਰੋਸ ਦੀ ਲਹਿਰ ਹੈ, ਜੋ ਕਿ ਬਿਲਕੁਲ ਜਾਇਜ਼ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਕਤ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੰਚਾਇਤ ਤੇ ਇਲਾਕਾ ਵਾਸੀਆਂ ਨੂੰ ਬਣਦਾ ਪੂਰਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ |