ਖਮਾਣੋਂ, 5 ਨਵੰਬਰ (ਜੋਗਿੰਦਰ ਪਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ ਵਿਖੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਕੱਠੇ ਜਪੁਜੀ ਸਾਹਿਬ ਤੇ ਅਨੰਦ ਸਾਹਿਬ ਦਾ ਪਾਠ ਕੀਤਾ | ਇਸ ਉਪਰੰਤ ਅਰਦਾਸ ਕੀਤੀ ਗਈ, ਜਿਸ ਨਾਲ ਸਾਰਾ ਮਾਹੌਲ ਸ਼ਰਧਾ ਨਾਲ ਭਰ ਗਿਆ ਤੇ ਵਿਦਿਆਰਥੀਆਂ ਨੇ ਆਪਣੇ ਸੁਰੀਲੇ ਸ਼ਬਦ ਕੀਰਤਨ ਨਾਲ ਸਾਰਿਆਂ ਨੂੰ ਆਨੰਦਿਤ ਕਰ ਦਿੱਤਾ | ਅਧਿਆਪਕ ਵਿਸ਼ਾਲ ਗਿੱਲ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਇਕ ਭਾਵੁਕ ਭਾਸ਼ਣ ਦਿੱਤਾ, ਉਨ੍ਹਾਂ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਕਿਵੇਂ ਸ਼ਾਮਿਲ ਕਰ ਸਕਦੇ ਹਾਂ ਤੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਆਚਰਨ ਵਿਚ ਅਪਣਾਉਣ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਬਣਨ ਦੀ ਅਪੀਲ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਇਕ ਪੇਂਟਿੰਗ ਗਤੀਵਿਧੀ ਵਿਚ ਹਿੱਸਾ ਲਿਆ, ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪ੍ਰੇਰਿਤ ਸੁੰਦਰ ਪੇਂਟਿੰਗਾਂ ਬਣਾਈਆਂ ਗਈਆਂ ਜੋ ਕਿ ਅਸੈਂਬਲੀ ਵਿਚ ਪ੍ਰਦਰਸ਼ਿਤ ਕੀਤੀਆਂ ਗਈਆਂ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਪੇਂਟਿੰਗ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਹੋਰ ਨਿਖਾਰਨ ਲਈ ਉਤਸ਼ਾਹਿਤ ਕੀਤਾ | ਪ੍ਰੋਗਰਾਮ ਦਾ ਸਮਾਪਨ ਕੜਾਹ ਪ੍ਰਸ਼ਾਦ ਵੰਡ ਕੇ ਕੀਤਾ ਗਿਆ, ਜਿਸ ਵਿਚ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਰਧਾ ਨਾਲ ਹਿੱਸਾ ਲਿਆ |