ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਬਲਜਿੰਦਰ ਸਿੰਘ)-ਐੱਮ. ਜੀ. ਅਸ਼ੋਕਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਦੀਆਂ ਵਿਦਿਆਰਥਣਾਂ ਨੇ ਭਾਰਤ ਵਿਕਾਸ ਪ੍ਰੀਸ਼ਦ ਦੁਆਰਾ ਕਰਵਾਈ ਗਈ 'ਭਾਰਤ ਕੋ ਜਾਨੋ' ਪ੍ਰਸ਼ਨੋਤਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਸਖ਼ਤ ਮਿਹਨਤ ਤੇ ਸਮਰਪਣ ਦਾ ਸਬੂਤ ਦਿੱਤਾ ਹੈ | ਇਸ ਮੁਕਾਬਲੇ ਵਿਚ ਇਲਾਕੇ ਦੇ ਕਈ ਸਰਕਾਰੀ ਅਤੇ ਪਬਲਿਕ ਸਕੂਲਾਂ ਦੀਆਂ 9 ਟੀਮਾਂ ਨੇ ਭਾਗ ਲਿਆ ਸੀ, ਜਿਸ ਵਿਚ ਅਸ਼ੋਕਾ ਕੰਨਿਆ ਸਕੂਲ ਦੀਆਂ ਗਿਆਰ੍ਹਵੀਂ ਜਮਾਤ ਆਰਟਸ ਦੀਆਂ ਹੋਣਹਾਰ ਵਿਦਿਆਰਥਣਾਂ ਅਕਾਸ਼ਦੀਪ ਕੌਰ ਅਤੇ ਪਿ੍ਆ ਨੇ ਆਪਣੀ ਬੇਮਿਸਾਲ ਤਿਆਰੀ, ਤੇਜ਼ ਸੋਚ ਤੇ ਦੇਸ਼ ਪ੍ਰਤੀ ਡੂੰਘੀ ਸਮਝ ਨਾਲ ਸਭ ਨੂੰ ਪ੍ਰਭਾਵਿਤ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਮੈਨੇਜਰ ਪ੍ਰੋਫੈਸਰ ਨਰਿੰਦਰ ਸੂਦ, ਪਿ੍ੰਸੀਪਲ ਅੰਜੂ ਕੌੜਾ ਅਤੇ ਸਟਾਫ਼ ਨੇ ਵਿਦਿਆਰਥਣਾਂ ਨੂੰ ਵਿਸ਼ੇਸ਼ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੀ.ਏ. ਮਨੀਸ਼ ਮੈਂਗੀ ਨੇ ਕਿਹਾ ਕਿ ਐੱਮ. ਜੀ. ਅਸ਼ੋਕਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਅਜਿਹੇ ਮੰਚ ਪ੍ਰਦਾਨ ਕਰਦਾ ਰਹੇਗਾ ਜਿੱਥੇ ਉਹ ਆਪਣੇ ਗਿਆਨ, ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ | ਇਹ ਜਿੱਤ ਸਿਰਫ਼ ਦੋ ਵਿਦਿਆਰਥਣਾਂ ਦੀ ਨਹੀਂ ਸਗੋਂ ਪੂਰੇ ਸਕੂਲ ਪਰਿਵਾਰ ਦੀ ਹੈ | ਸਕੱਤਰ ਸੁਰਿੰਦਰ ਭਾਰਦਵਾਜ ਨੇ ਵੀ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਜੇ ਇਰਾਦੇ ਪੱਕੇ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ | ਇਸ ਮੌਕੇ ਸਕੂਲ ਦੇ ਮੈਨੇਜਰ ਨਰਿੰਦਰ ਸੂਦ ਨੇ ਕਿਹਾ ਇਹ ਜਿੱਤ ਸਾਡੇ ਵਿਦਿਆਰਥੀਆਂ ਦੇ ਭਵਿੱਖ ਦੀ ਮਜ਼ਬੂਤ ਨੀਂਹ ਹੈ | ਪਿੰ੍ਰਸੀਪਲ ਅੰਜੂ ਕੌੜਾ ਨੇ ਅਧਿਆਪਕਾਵਾਂ ਅਮਿਤਾ ਸਿਆਲ, ਮੀਨੂੰ ਸੁਰਜਨ, ਮਨਜੀਤ ਕੌਰ, ਰੀਤਿਕਾ ਸ਼ਰਮਾ, ਵਿਜੈ ਸ਼ਰਮਾ ਅਤੇ ਮਾਪਿਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ |