21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਟਾਫ਼ ਦੀ ਘਾਟ ਨਾਲ ਜੂਝ ਰਿਹੈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ

ਅਜੀਤ ਡੈਸਕ 20-07-2025
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਰਵਿੰਦਰ ਮੌਦਗਿਲ)-ਪੰਜਾਬ ਨੂੰ ਦੇਸ਼ ਦੇ ਖੇਤੀ ਸੂਬੇ ਵਜੋਂ ਜਾਣਿਆ ਜਾਂਦਾ ਹੈ | ਇਸ ਨਾਤੇ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਭੂਮਿਕਾ ਵੀ ਅਹਿਮ ਹੋ ਜਾਂਦੀ ਹੈ | ਜੇਕਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅੰਦਰ ਝਾਤੀ ਮਾਰੀਏ ਤਾਂ 'ਨਾਮ ਬੜਾ ਪਰ ਦਰਸ਼ਨ ਛੋਟੇ' ਵਾਲੀ ਕਹਾਵਤ ਸੱਚ ਹੁੰਦੀ ਦਿਖਾਈ ਦਿੰਦੀ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਵਿਭਾਗ ਵਿਚ ਸਰਕਾਰ ਦੀਆਂ ਸਕੀਮਾਂ ਪੂਰੇ ਜ਼ਿਲ੍ਹੇ ਵਿਚ ਪਹੁੰਚਾਉਣ ਲਈ 26 ਖੇਤੀ ਵਿਕਾਸ ਅਫ਼ਸਰਾਂ ਦੀਆਂ ਮਨਜ਼ੂਰ ਸ਼ੁਦਾ ਅਸਾਮੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ 23 ਅਸਾਮੀਆਂ ਲੰਮੇ ਸਮੇਂ ਤੋਂ ਖ਼ਾਲੀ ਹਨ, ਇਨ੍ਹਾਂ ਵਿਚ ਪ੍ਰਸੁਤਾ ਛੁੱਟੀ 'ਤੇ ਚੱਲ ਰਹੀ ਮਹਿਲਾ ਅਫ਼ਸਰ ਵੀ ਜੇਕਰ ਸ਼ਾਮਿਲ ਕਰ ਲਈ ਜਾਵੇ ਤਾਂ ਖ਼ਾਲੀ ਅਸਾਮੀਆਂ ਦੀ ਗਿਣਤੀ 24, ਯਾਨੀ 98 ਫ਼ੀਸਦੀ ਤੱਕ ਜਾ ਪਹੁੰਚਦੀ ਹੈ | ਕਈ ਅਸਾਮੀਆਂ ਦੀ ਕੁਰਸੀ ਨੂੰ ਤਾਂ ਆਪਣੇ ਅਧਿਕਾਰੀ ਨੂੰ ਦੇਖੇ ਚਾਰ ਤੋਂ ਪੰਜ ਸਾਲ ਹੋ ਗਏ ਹਨ | ਜੇਕਰ ਕੋਈ ਭੁੱਲ ਨਾਲ ਅਧਿਕਾਰੀ ਆਇਆ ਵੀ ਹੋਵੇਗਾ ਤਾਂ ਜਲਦੀ ਹੀ ਬਦਲੀ ਕਰਵਾ ਕੇ ਚਲਾ ਗਿਆ | ਇੱਥੇ ਹੀ ਬੱਸ ਨਹੀਂ ਜ਼ਿਲੇ੍ਹ ਵਿਚ ਸਰਕਾਰ ਵਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਲਈ ਮਨਜ਼ੂਰ ਅਸਾਮੀਆਂ ਦੀ ਕੁੱਲ ਗਿਣਤੀ 114 'ਚੋਂ 55 ਖ਼ਾਲੀ ਹਨ, ਜੋ ਸਰਕਾਰ ਦੀ ਮਨਸ਼ਾ 'ਤੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ 'ਤੇ ਸਵਾਲੀਆਂ ਨਿਸ਼ਾਨ ਲਗਾਉਣ ਲਈ ਕਾਫ਼ੀ ਹੈ | ਖ਼ਾਸ ਗੱਲ ਇਹ ਹੈ ਕਿ ਏ ਸ਼੍ਰੇਣੀ ਸਮੇਤ ਕੁਝ ਇਕ-ਇਕ, ਦੋ-ਦੋ ਅਤੇ ਤਿੰਨ-ਤਿੰਨ ਮਨਜ਼ੂਰ ਸ਼ੁਦਾ ਅਸਾਮੀਆਂ ਹਨ ਪਰ ਇਹ ਵੀ ਖ਼ਾਲੀ ਹਨ | ਇਨ੍ਹਾਂ ਵਿਚ ਸੀਨੀਅਰ ਸਹਾਇਕ ਦੀਆਂ 3 'ਚੋਂ 3, ਖੇਤੀਬਾੜੀ ਨਿਰੀਖਕ (ਸੰਦ) ਦੀਆਂ ਦੋ 'ਚੋਂ ਦੋ, ਜ਼ਿਲ੍ਹਾ ਸਿਖਲਾਈ ਅਫ਼ਸਰ ਅਤੇ ਬੀਜ ਵਿਕਾਸ ਅਫ਼ਸਰ, ਸਹਾਇਕ ਖੇਤੀਬਾੜੀ ਇੰਜੀਨੀਅਰ, ਸਹਾਇਕ ਅੰਕੜਾ ਵਿਗਿਆਨੀ, ਤਕਨੀਕੀ ਸਹਾਇਕ (ਅੰਕੜਾ), ਖਾਦ ਨਿਰੀਖਕ, ਫ਼ੀਲਡ ਸਹਾਇਕ, ਜੂਨੀਅਰ ਸਕੇਲ ਸਟੈਨੋਗਰਾਫ਼ਰ, ਲਬਾਰਟਰੀ ਟੈਕਨੀਸ਼ੀਅਨ, ਡਰਾਈਵਰ ਦੀ ਇਕ 'ਚੋਂ ਇਕ ਅਸਾਮੀ ਖ਼ਾਲੀ ਹੈ | ਇਸੇ ਤਰ੍ਹਾਂ ਖੇਤੀਬਾੜੀ ਵਿਸਥਾਰ ਅਫ਼ਸਰ ਦੀਆਂ 6 'ਚੋਂ 2, ਅੰਕੜਾ ਸਹਾਇਕ ਦੀਆਂ 2 'ਚੋਂ ਇਕ, ਖੇਤੀਬਾੜੀ ਉਪ ਨਿਰੀਖਕ ਦੀਆਂ 20 'ਚੋਂ 9, ਜੂਨੀਅਰ ਤਕਨੀਸ਼ੀਅਨ ਦੀਆਂ 3 'ਚੋਂ 1, ਜੂਨੀਅਰ ਸਹਾਇਕ/ਕਲਰਕ ਦੀਆਂ 4 'ਚੋਂ 1, ਲਬਾਰਟਰੀ ਸਹਾਇਕ ਦੀਆਂ 3 'ਚੋਂ 2 , ਲਬਾਰਟਰੀ ਅਟੈਂਡਟ ਦੀਆਂ 2 'ਚੋਂ 1 ਸਮੇਤ 55 ਅਸਾਮੀਆਂ ਲੰਮੇ ਸਮੇਂ ਤੋਂ ਖ਼ਾਲੀ ਹਨ | ਦੱਸਣਯੋਗ ਹੈ ਕਿ ਅਗਾਮੀ ਸਤੰਬਰ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ | ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਵਿਭਾਗ ਕੋਲ ਜੋ ਸਟਾਫ਼ ਹੈ, ਉਹ ਪੂਰੀ ਮਿਹਨਤ ਤੇ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ | ਉਨ੍ਹਾਂ ਖ਼ਾਲੀ ਅਸਾਮੀਆਂ ਸਬੰਧੀ ਪੁੱਛੇ ਸਵਾਲ ਬਾਰੇ ਕਿਹਾ ਕਿ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਹੈ |
ਪਿਛਲੀ ਖ਼ਬਰ 'ਜੰਗੇ ਅਜ਼ਾਦੀ ਵਿਚ ਸਿੱਖਾਂ ਦਾ ਯੋਗਦਾਨ' ਪੁਸਤਕ ਪ੍ਰੋ. ਬਡੂੰਗਰ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ... ਅਗਲੀ ਖ਼ਬਰ ਨਸ਼ਿਆਂ ਦਾ ਤਿਆਗ ਕਰ ਰਹੇ ਵਿਅਕਤੀਆਂ ਨੂੰ ਸਵੈ ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਕਿੱਤਾ ਮੁਖੀ ਕੋਰਸ ਦੀ ਸਿਖਲਾਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।