ਅਮਲੋਹ, 17 ਜੁਲਾਈ (ਕੇਵਲ ਸਿੰਘ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਪਿੰਡ ਮਾਨਗੜ੍ਹ ਦੇ ਵਿਕਾਸ ਕੰਮਾਂ ਲਈ ਵੱਡਾ ਸਹਿਯੋਗ ਮਿਲ ਰਿਹਾ ਹੈ ਜਿਸ ਸਦਕਾ ਪਿੰਡ ਵਿਚ ਇਕ ਵੱਡੇ ਸਟੇਡੀਅਮ ਦਾ ਕੰਮ ਵੀ ਜਾਰੀ ਹੈ | ਇਹ ਸਟੇਡੀਅਮ ਨੌਜਵਾਨਾਂ ਲਈ ਲਾਹੇਵੰਦ ਸਾਬਿਤ ਹੋਵੇਗਾ ਅਤੇ ਇਸ ਖੇਡ ਮੈਦਾਨ 'ਚੋਂ ਖਿਡਾਰੀ ਪੈਦਾ ਹੋ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰੀਪੁਰ ਸੁਸਾਇਟੀ ਦੇ ਪ੍ਰਧਾਨ ਯਾਦਵਿੰਦਰ ਸਿੰਘ ਮਾਨਗੜ੍ਹ ਅਤੇ ਪਿੰਡ ਮਾਨਗੜ੍ਹ ਦੇ ਸਰਪੰਚ ਜਸਮੇਲ ਸਿੰਘ ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਆਗੂਆਂ ਵਲੋਂ ਸਟੇਡੀਅਮ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ | ਆਗੂਆਂ ਨੇ ਕਿਹਾ ਕਿ ਵਿਧਾਇਕ ਗੈਰੀ ਬੜਿੰਗ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਪਿੰਡ ਦੇ ਵਿਕਾਸ ਲਈ ਭਰੋਸਾ ਦਿੱਤਾ ਗਿਆ ਹੈ | ਕਿਉਂਕਿ ਪਿੰਡ ਵਿਚ ਜਿੱਥੇ ਬਿਨਾਂ ਪੱਖਪਾਤ ਵਿਕਾਸ ਦੇ ਕੰਮ ਜਾਰੀ ਹਨ, ਉੱਥੇ ਹੀ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਵੀ ਲਾਭਪਾਤਰੀਆਂ ਨੂੰ ਪਹਿਲ ਦੇ ਆਧਾਰ 'ਤੇ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਨਾਲ ਨਸ਼ਾ ਤਸਕਰਾਂ 'ਤੇ ਵੱਡੀਆਂ ਕਾਰਵਾਈਆਂ ਹੋਈਆਂ ਹਨ ਅਤੇ ਪਿੰਡ ਵਿਚ ਵੀ ਕਿਸੇ ਵਿਅਕਤੀ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਹੈ ਜੇ ਕੋਈ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਹਰਜਿੰਦਰ ਸਿੰਘ, ਜਰਨੈਲ ਸਿੰਘ, ਸਿਮਰਨ ਸਿੰਘ, ਸ਼ਰਨਦੀਪ ਸਿੰਘ, ਪਰਮਵੀਰ ਸਿੰਘ, ਜਸ਼ਨ ਸਿੰਘ ਮੌਜੂਦ ਸਨ |