ਨਵਾਂਸ਼ਹਿਰ, 20 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਰਹਿਨੁਮਾਈ ਹੇਠ ਡੇਂਗੂ ਵਿਰੋਧੀ ਟੀਮ ਨੇ ਸੰਧੂ ਨਰਸਿੰਗ ਕਾਲਜ ਮਹਾਲੋਂ ਵਿਖੇ ਜਾ ਕੇ ਡੇਂਗੂ ਵਿਰੋਧੀ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ | ਟੀਮ ਨੇ ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਲਈ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ, ਫਰਿੱਜਾਂ ਦੀਆਂ ਟਰੇਆਂ ਤੇ ਕਬਾੜ ਸਮਾਨ ਆਦਿ ਦਾ ਵੀਂ ਨਿਰੀਖਣ ਕੀਤਾ | ਡਾ. ਸਿੰਘ ਨੇ ਵਿਦਿਆਰਥਣਾਂ ਨੂੰ ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਦੇ ਲੱਛਣਾਂ ਤੇ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਗਮਲਿਆਂ, ਫਰਿਜਾਂ ਦੀਆਂ ਟਰੇਆਂ, ਪੁਰਾਣੇ ਟਾਇਰਾਂ, ਛੱਤਾਂ 'ਤੇ ਪਏ ਕਬਾੜ ਸਮਾਨ ਆਦਿ 'ਚ ਪਾਣੀ ਨਾ ਜਮ੍ਹਾਂ ਹੋਣ ਦਿੱਤਾ ਜਾਵੇ | ਡੇਂਗੂ ਦੇ ਆਮ ਲੱਛਣ ਤੇਜ਼ ਬੁਖਾਰ, ਸਰੀਰ ਵਿਚ ਦਰਦ, ਪੇਟ ਦਰਦ, ਮਸੂੜਿਆਂ 'ਚੋਂ ਖੂਨ ਆਉਣਾ, ਉਲਟੀਆਂ ਆਉਣਾ ਆਦਿ ਹੋ ਸਕਦੇ ਹਨ | ਜੇਕਰ ਕਿਸੇ ਵਿਅਕਤੀ ਨੂੰ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ |