ਨਵਾਂਸ਼ਹਿਰ, 18 ਨਵੰਬਰ (ਜਸਬੀਰ ਸਿੰਘ ਨੂਰਪੁਰ) - ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਦੇ ਨਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੁਲਦੀਪ ਸਿੰਘ ਘਟਾਰੋਂ ਦੁਆਬਾ ਕਿਸਾਨ ਯੂਨੀਅਨ ਅਤੇ ਦਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ 'ਚ ਮੰਗ ਪੱਤਰ ਦਿੱਤਾ ਗਿਆ | ਉਹਨਾਂ ਮੰਗ ਪੱਤਰ 'ਚ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਗੰਨੇ ਦੇ ਸੀਜ਼ਨ ਦੀ ਬਕਾਇਆ ਤਕਰੀਬਨ 93 ਕਰੋੜ ਦੀ ਅਦਾਇਗੀ ਅਤੇ ਸਹਿਕਾਰੀ ਖੰਡ ਮਿੱਲ੍ਹ ਦੀ ਮਿੱਲ੍ਹਾਂ ਦੀ ਕਰੀਬ 120 ਕਰੋੜ ਰੁਪਏ, ਫਗਵਾੜਾ ਮਿੱਲ੍ਹ ਦੀ ਪਿਛਲੀ ਬਕਾਇਆ 27 ਕਰੋੜ ਰੁਪਏ ਦੀ ਰਾਸ਼ੀ ਅਜੇ ਤੱਕ ਵੀ ਸਰਕਾਰ ਨੇ ਜਾਰੀ ਨਹੀਂ ਕੀਤੀ | ਉਹਨਾਂ ਆਖਿਆ ਕਿ ਨਵੇਂ ਗੰਨੇ ਦੇ ਸੀਜ਼ਨ ਦੀ ਸ਼ੁਰੂਆਤ ਨਵੰਬਰ ਮਹੀਨੇ ਕੀਤੀ ਜਾਂਦੀ ਹੈ, ਪਰ ਪੰਜਾਬ ਸਰਕਾਰ ਚੁੱਪ ਹੈ | ਉਹਨਾਂ ਕਿਹਾ ਕਿ ਸ਼ੂਗਰ ਕੇਨ ਕੰਟਰੋਲ ਬੋਰਡ ਦਾ ਸਮਾਂ ਸਮਾਪਤ ਹੋ ਚੁੱਕਾ ਹੈ, ਜਿਸ ਦਾ ਗਠਨ ਵੀ ਪੰਜਾਬ ਸਰਕਾਰ ਨੇ ਨਹੀਂ ਕੀਤਾ | ਉਹਨਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਗੰਨੇ ਦੇ ਰੇਟ ਵਿੱਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ, ਪਰ ਪੰਜਾਬ ਸਰਕਾਰ ਅਜੇ ਤੱਕ ਗੰਨੇ ਦੇ ਰੇਟ ਨੂੰ ਵਧਾਉਣ ਸਬੰਧੀ ਚੁੱਪ ਧਾਰੀ ਬੈਠੀ ਹੈ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਗੰਨੇ ਦੇ ਰੇਟ ਵਿੱਚ ਵਾਧਾ ਕਰਕੇ 500 ਰੁਪਏ ਕਰੇ | ਉਹਨਾਂ ਕਿਹਾ ਕਿ ਸ਼ੂਗਰ ਮਿੱਲਾਂ ਦੇ ਚੱਲਣ ਦੀ ਤਰੀਕ ਦਾ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੋਇਆ, ਜੋ ਸਰਕਾਰ ਜਲਦੀ ਜਾਰੀ ਕਰੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ, ਕੁਲਦੀਪ ਸਿੰਘ ਘਟਾਰੋਂ ਜ਼ਿਲ੍ਹਾ ਪ੍ਰਧਾਨ ਦੁਆਬਾ ਕਿਸਾਨ ਯੂਨੀਅਨ, ਹਰਵਿੰਦਰ ਸਿੰਘ, ਹਰਜੀਤ ਸਿੰਘ, ਹਰਮੇਲ ਸਿੰਘ ਜੱਸੋਮਜਾਰਾ, ਗੁਰਤੇਜ ਸਿੰਘ, ਜਸਕਰਨ ਸਿੰਘ, ਕਰਮਜੀਤ ਸਿੰਘ, ਬਿੰਦਰ, ਕੁਲਵਿੰਦਰ, ਤਾਰਾ ਗਰਚਾ, ਦਲਜੀਤ ਸਿੰਘ ਹਿਆਲਾ, ਰਵਿੰਦਰ ਸਿੰਘ ਫਰਾਲਾ, ਹਰਦੀਪ ਸਿੰਘ ਵਜੀਦਪੁਰ ਆਦਿ ਹਾਜ਼ਰ ਸਨ |