17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸਾਬਕਾ ਫ਼ੌਜੀ ਦੇ ਘਰ 'ਤੇ ਚਲਾਈਆਂ ਗੋਲੀਆਂ

ਰਾਮਗੜ੍ਹ ਝੁੰਗੀਆਂ ਵਿਖੇ ਗੇਟ ਵਿੱਚ ਲੱਗੀਆਂ ਗੋਲੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਸਤਨਾਮ ਸਿੰਘ ਤੇ ਅਜਮੇਰ ਸਿੰਘ ਸਰਪੰਚ ਤੇ ਚੱਲੀਆਂ ਹੋਈਆਂ ਗੋਲੀਆਂ ਦੀ ਜਾਂਚ ਕਰਦੇ ਹੋਏ ਪੁਲਿਸ ਕਰਮਚਾਰੀ | ਤਸਵੀਰਾਂ : ਤੀਰਥ ਸਿੰਘ ਰੱਕੜ <br/> 24-09-2025
ਸਮੁੰਦੜਾ, 23 ਸਤੰਬਰ (ਤੀਰਥ ਸਿੰਘ ਰੱਕੜ)-ਪਿੰਡ ਰਾਮਗੜ੍ਹ-ਝੁੰਗੀਆਂ ਵਿਖੇ ਇੱਕ ਸਾਬਕਾ ਫ਼ੌਜੀ ਦੇ ਘਰ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਏ ਜਾਣ ਦੀ ਖ਼ਬਰ ਹੈ, ਜਿਸ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸੂਬੇਦਾਰ ਸਤਨਾਮ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਰਾਮਗੜ੍ਹ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਅੰਦਰ ਪਰਿਵਾਰ ਸਮੇਤ ਸੁੱਤਾ ਪਿਆ ਸੀ, ਕਿ ਅਚਾਨਕ ਰਾਤ 2.45 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਉਹਨਾਂ ਬਾਹਰ ਆ ਕੇ ਦੇਖਿਆ ਤਾਂ ਘਰ ਦੇ ਗੇਟ ਨੂੰ ਚੀਰ ਕੇ ਉਹਨਾਂ ਦੇ ਘਰ ਦੀਆਂ ਕੰਧਾਂ ਵਿੱਚ ਗੋਲੀਆਂ ਵੱਜੀਆਂ ਅਤੇ ਉਕਤ ਵਿਅਕਤੀਆਂ ਵੱਲੋਂ ਚਾਰ ਰਾਊਾਡ ਫਾਇਰ ਕੀਤੇ ਗਏ | ਗੋਲੀਆਂ ਮਾਰ ਕੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਨੌਜਵਾਨ ਫ਼ਰਾਰ ਹੋ ਗਏ | ਇਸ 'ਤੇ ਤੁਰੰਤ ਉਨ੍ਹਾਂ 112 'ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਅਤੇ ਮੌਕੇ 'ਤੇ ਪਹੁੰਚਦਿਆਂ ਸਮੁੰਦੜਾ ਪੁਲਿਸ ਨੇ ਚੱਲੀਆਂ ਗੋਲੀਆਂ ਦੇ ਦੋ ਖ਼ੋਲ ਵੀ ਬਰਾਮਦ ਕਰ ਲਏ ਹਨ, ਜਦਕਿ ਦੋ ਹੋਰ ਖੋਲ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ | ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਕਰਨਜੋਤ ਸਿੰਘ ਅਤੇ ਮਨਜੋਤ ਸਿੰਘ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਅਤੇ 21 ਸਤੰਬਰ ਦੀ ਰਾਤ 7 ਵੱਜ ਕੇ 50 ਮਿੰਟ ਦੇ ਕਰੀਬ ਉਹਨਾਂ ਦੇ ਘਰ ਦੋ ਅਣਪਛਾਤੇ ਨੌਜਵਾਨ ਆਏ ਸਨ ਅਤੇ ਕਹਿਣ ਲੱਗੇ ਕਿ ਤੁਹਾਡੇ ਮੁੰਡਿਆਂ ਦੇ ਨਾਲ਼ ਅਮਰੀਕਾ ਵਿੱਚ ਸਾਡਾ ਵੀ ਇੱਕ ਮੁੰਡਾ ਰਹਿੰਦਾ ਹੈ ਅਤੇ ਜਿਸ ਨਾਲ ਕਈ ਦਿਨਾਂ ਤੋਂ ਕੋਈ ਸੰਪਰਕ ਨਹੀਂ ਹੋ ਰਿਹਾ ਹੈ | ਇਸ ਲਈ ਸਾਨੂੰ ਤੁਹਾਡੇ ਮੁੰਡੇ ਦਾ ਫ਼ੋਨ ਨੰਬਰ ਚਾਹੀਦਾ ਹੈ ਤਾਂ ਕਿ ਖ਼ਬਰਸਾਰ ਪਤਾ ਲੱਗ ਸਕੇ | ਉਹਨਾਂ ਮੇਰਾ ਫ਼ੋਨ ਨੰਬਰ ਲੈ ਲਿਆ ਤੇ ਪਾਣੀ ਪੀ ਕੇ ਖੜੇ-ਖੜੇ ਹੀ ਚਲੇ ਗਏ ਅਤੇ ਲੱਗਦਾ ਹੈ ਕਿ ਉਹ ਘਰ ਦੀ ਰੈਕੀ ਕਰਨ ਆਏ ਸਨ | ਇਸ ਸਬੰਧੀ ਐਸ.ਐਚ.ਓ ਜੀ.ਐਸ ਸੇਖੋਂ ਥਾਣਾ ਗੜ੍ਹਸ਼ੰਕਰ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਲੱਗੇ ਸੀ.ਸੀ ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਸਤਨਾਮ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰ ਸਮੇਤ ਵਿਦੇਸ਼ ਰਹਿੰਦੇ ਲੜਕਿਆਂ ਦੀ ਜਾਨ ਨੂੰ ਖ਼ਤਰਾ ਹੈ ਇਸ ਕਰਕੇ ਛੇਤੀ ਤੋਂ ਛੇਤੀ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਦੀ ਭਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਸਰਕਾਰ ਵਲੋਂ ਚਲਾਈਆਂ ਗਈਆਂ ਬੈਂਕ ਸਕੀਮਾਂ ਦਾ ਹਰ ਵਿਅਕਤੀ ਨੂੰ ਲਾਭ ਲੈਣਾ ਚਾਹੀਦਾ ਹੈ-ਮੈਡਮ ਸਿਮਰਨਜੀਤ ਕੌਰ ਅਗਲੀ ਖ਼ਬਰ ਪ੍ਰਵਾਸੀ-ਪੰਜਾਬੀ ਏਕਤਾ ਮੰਚ ਨੇ ਨਵਾਂਸ਼ਹਿਰ 'ਚ ਕੀਤਾ ਏਕਤਾ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।