ਰਾਹੋਂ, 19 ਜੁਲਾਈ (ਉਂਕਾਰ ਸਿੰਘ ਰਾਠੋਰ)-ਪੰਜਾਬ ਦੇ ਸ਼ਹਿਰ ਰਾਹੋਂ ਦੇ ਡਾ. ਰਾਜ ਕੁਮਾਰ ਨੂੰ ਬਚਪਨ ਤੋਂ ਹੀ ਵਾਤਾਵਰਨ ਨਾਲ ਬਹੁਤ ਪ੍ਰੇਮ ਹੈ, ਉਹਨਾਂ ਦਾ ਕਹਿਣਾ ਹੈ ਕਿ ਰੁੱਖ ਲਗਾਉਣ ਦੀ ਸੇਵਾ ਦੀ ਸ਼ੁਰੂਆਤ ਉਹਨਾਂ ਵੱਲੋਂ ਸਾਲ 2018 ਤੋਂ ਸ਼ੁਰੂ ਕੀਤੀ ਗਈ | ਉਹ ਆਪਣੀ ਦਿ੍ੜ੍ਹ ਇੱਛਾ ਸ਼ਕਤੀ ਤੇ ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ | ਇਹ ਸਭ ਕਰਕੇ ਉਨ੍ਹਾਂ ਨੂੰ ਅਥਾਹ ਖ਼ੁਸ਼ੀ ਪ੍ਰਾਪਤ ਹੁੰਦੀ ਹੈ | ਉਹਨਾਂ ਦੱਸਿਆ ਕਿ ਉਹ ਹੁਣ ਤੱਕ ਰਾਹੋਂ ਸਮੇਤ ਨਾਲ ਲਗਦੇ ਪਿੰਡਾਂ-ਸ਼ਹਿਰਾਂ ਅਤੇ ਪੰਜਾਬ ਦੇ ਦੂਰ-ਦੁਰਾਡੇ ਇਲਾਕੇ ਵਿੱਚ ਸਕੂਲਾਂ, ਕਾਲਜਾਂ, ਪਾਰਕਾਂ, ਸੜਕ ਕਿਨਾਰਿਆਂ, ਖੇਡ ਮੈਦਾਨਾਂ, ਸ਼ਮਸ਼ਾਨ ਭੂਮੀਆਂ, ਰੇਲਵੇ ਸਟੇਸ਼ਨਾਂ, ਖੇਤਾਂ ਅਤੇ ਜਿੱਥੇ ਵੀ ਉਹਨਾਂ ਨੂੰ ਮੁਨਾਸਬ ਜਗ੍ਹਾ ਮਿਲਦੀ ਹੈ ਉੱਥੇ ਹੁਣ ਤੱਕ ਹਜ਼ਾਰਾ ਰੁੱਖ ਲਗਾ ਚੁੱਕੇ ਹਨ ਅਤੇ ਉਹਨਾਂ ਦੀ ਚੰਗੇ ਤਰੀਕੇ ਨਾਲ ਦੇਖਭਾਲ ਵੀ ਕੀਤੀ ਜਾਂਦੀ ਹੈ | ਉਹਨਾਂ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਜੋ ਕਾਰਜ ਵਿੱਢਿਆ ਹੈ ਉਸ ਕਰਕੇ ਹਰ ਕੋਈ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ | ਡਾ. ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਲਾਕੇ ਅਤੇ ਐਨ.ਆਰ.ਆਈ ਦਾ ਬਹੁਤ ਸਹਿਯੋਗ ਹੈ | ਡਾ. ਰਾਜ ਕੁਮਾਰ ਲਗਾਤਾਰ ਖ਼ੂਨ ਅਤੇ ਬਲੱਡ ਸੈੱਲ ਵੀ ਕਈ ਵਾਰ ਦਾਨ ਕਰ ਚੁੱਕੇ ਹਨ | ਡਾ. ਕੁਮਾਰ ਵੱਲੋਂ ਸ਼ਹਿਰ ਵਿੱਚ ਨਗਰ ਕੀਰਤਨਾਂ 'ਤੇ ਰੁੱਖ, ਬੂਟਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ | ਸ਼੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਦੇ ਮੈਂਬਰ, ਗੁਰਮੇਲ ਰਾਮ, ਸਰਬਜੀਤ ਬਾਲੀ, ਮੈਨੇਜਰ ਸਤਪਾਲ ਚੁੰਬਰ, ਸੋਨੀ ਪ੍ਰਧਾਨ, ਸੁਰਿੰਦਰ ਕੁਮਾਰ, ਗਗਨਦੀਪ ਗੰਗੜ, ਜਨਕ ਰਾਜ, ਰਕੇਸ਼ ਕੁਮਾਰ ਵੱਲੋਂ ਡਾ. ਰਾਜ ਕੁਮਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ | ਇਸ ਸੋਸਾਇਟੀ ਵੱਲੋਂ ਸ਼ਹਿਰ ਵਿੱਚ ਲੱਗੇ ਬੂਟਿਆਂ ਨੂੰ ਰੋਜ਼ਾਨਾ ਸਵੇਰੇ ਪਾਣੀ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਸਾਫ਼-ਸਫ਼ਾਈ ਕੀਤੀ ਜਾਂਦੀ ਹੈ ਅਤੇ ਉਹਨਾਂ ਦੀ ਚੰਗੇ ਤਰੀਕੇ ਨਾਲ ਦੇਖਭਾਲ ਕੀਤੀ ਜਾਂਦੀ ਹੈ | ਡਾ. ਕੁਮਾਰ ਦਾ ਕਹਿਣਾ ਹੈ ਕਿ ਰੁੱਖ ਲਾਉਣ ਨਾਲੋਂ ਪਾਲਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ | ਉਹਨਾਂ ਦਾ ਕਹਿਣਾ ਹੈ ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਰੁੱਖਾਂ ਦੇ ਮੌਸਮ ਵਿਚ ਹਰ ਸਾਲ ਘੱਟੋ-ਘੱਟ ਇੱਕ ਰੁੱਖ ਤਾਂ ਲਾਵੇ ਹੀ ਲਾਵੇ | ਇੱਕ ਪਰਿਵਾਰ ਦੇ ਮੈਂਬਰਾਂ ਗਿਣਤੀ ਦੇ ਹਿਸਾਬ ਨਾਲ ਇਹ ਅੰਕੜੇ ਕਾਫ਼ੀ ਹੱਦ ਤੱਕ ਰੁੱਖ ਲਾਉਣ ਵਿੱਚ ਵੱਡਾ ਯੋਗਦਾਨ ਸਾਬਤ ਹੋ ਸਕਦੇ ਹਨ | ਢੁਕਵੇਂ ਮੌਸਮ ਦੇ ਨਾਲ ਕਿਸੇ ਵੀ ਤਰੀਕੇ ਘਰ ਵਿੱਚ, ਘਰ ਦੇ ਬਾਹਰ ਪਿੰਡ, ਕਸਬੇ, ਸ਼ਹਿਰ ਵਿੱਚ ਜਿੱਥੇ ਕਿਤੇ ਵੀ ਮੁਨਾਸਬ ਹੋਵੇ ਰੁੱਖ ਜ਼ਰੂਰ ਲਾਉਣੇ ਚਾਹੀਦੇ ਹਨ | ਸਰਕਾਰਾਂ ਵੀ ਇਸ ਕੰਮ ਵਿੱਚ ਅੱਗੇ ਆਉਣ ਤੇ ਨਿਸ਼ਚਿਤ ਕਰਨ ਕਿ ਕਿਸਾਨਾਂ ਕੋਲ ਜੋ ਜਗ੍ਹਾ ਮੋਟਰ ਵਾਲੀ ਥਾਂ ਕੋਲ ਬਚਦੀ ਹੈ, ਉਹ ਉਸ ਉੱਪਰ ਘੱਟੋ-ਘੱਟ ਬੂਟੇ ਜ਼ਰੂਰ ਲਾਉਣ | ਉਹਨਾਂ ਦਾ ਆਿਖ਼ਰ ਕਹਿਣਾ ਆਓ! ਸਾਰੇ ਰਲ-ਮਿਲ ਕੇ ਕੋਸ਼ਿਸ਼ ਕਰੀਏ ਤੇ ਆਪਣੇ ਚੌਗਿਰਦੇ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਬਣਾਈਏ |