ਬਲਾਚੌਰ, 18 ਜੁਲਾਈ (ਨਰੇਸ਼ ਧੌਲ)-ਪਿੰਡ ਖੋਜਾ ਬੇਟ ਦੇ ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਵੱਲੋਂ ਪੰਚਾਇਤ ਮੈਂਬਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੇ ਵੱਡੇ ਸਹਿਯੋਗ ਨਾਲ ਪਿੰਡ ਵਿੱਚ ਜਿਹੜੇ ਕੰਮ ਕਰਵਾਏ ਗਏ ਹਨ ਅਤੇ ਜਿਹੜੇ ਕਰਵਾਉਣ ਵਾਲੇ ਹਨ ਉਨ੍ਹਾਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਕਿ ਪੰਚਾਇਤ ਲਈ ਨਵੀਆਂ ਕੁਰਸੀਆਂ ਲਈਆਂ ਜਾਣ, ਛੱਪੜ ਦਾ ਕੰਮ ਕਰਵਾਇਆ ਜਾਵੇ, ਪਿੰਡ ਵਿੱਚ ਆਮ ਲੋਕਾਂ ਦੇ ਬੈਠਣ ਲਈ ਪੰਜ ਥਾਵਾਂ ਤੇ ਰੱਖਣ ਲਈ ਸਮਿੰਟ ਦੀਆਂ ਕੁਰਸੀਆਂ ਦੀ ਖਰੀਦ ਕੀਤੀ ਜਾਵੇ | ਸਰਪੰਚ ਸੰਤੋਖ ਸਿੰਘ ਨੇ ਕਿਹਾ ਕਿ ਰਹਿੰਦੇ ਕੰਮਾਂ ਸਬੰਧੀ ਸਮੁੱਚਾ ਵੇਰਵਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਛੇਤੀ ਹੀ ਗ੍ਰਾਂਟਾਂ ਪ੍ਰਾਪਤ ਕਰਕੇ ਸਾਰੇ ਕੰਮ ਮੁਕੰਮਲ ਕੀਤੇ ਜਾਣਗੇ | ਇਸ ਮੌਕੇ ਕੁਲਵਿੰਦਰ ਸਿੰਘ, ਜੋਗਿੰਦਰ ਕੌਰ, ਅਮਨਦੀਪ ਕੌਰ, ਬਲਵੰਤ ਰਾਮ ਆਦਿ ਸਾਰੇ ਪੰਚਾਇਤ ਮੈਂਬਰ ਹਾਜ਼ਰ ਸਨ |