ਨਵਾਂਸ਼ਹਿਰ, 18 ਜੁਲਾਈ (ਦੀਦਾਰ ਸਿੰਘ ਸ਼ੇਤਰਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ 'ਲੇਬਰ ਰੂਮ ਗੁਣਵੱਤਾ ਸੁਧਾਰ ਪਹਿਲ' (ਲਕਸ਼ਿਆ) ਸਬੰਧੀ ਜ਼ਿਲ੍ਹਾ ਪੱਧਰੀ ਦੋ ਦਿਨਾ ਟ੍ਰੇਨਿੰਗ ਪ੍ਰੋਗਰਾਮ ਤਹਿਤ ਮੈਡੀਕਲ ਅਫਸਰਾਂ ਤੇ ਸਟਾਫ਼ ਨਰਸਾਂ ਦੀ ਦੋ ਦਿਨਾ ਟ੍ਰੇਨਿੰਗ ਸਫ਼ਲਤਾਪੂਰਵਕ ਸਮਾਪਤ ਹੋ ਗਈ ਹੈ | ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲਕਸ਼ੈ ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਸਿਹਤ ਕੇਂਦਰਾਂ ਦੇ ਲੇਬਰ ਰੂਮ ਅਤੇ ਮੈਟਰਨਿਟੀ ਆਪਰੇਸ਼ਨ ਥੀਏਟਰ ਦੀ ਕੁਆਲਿਟੀ ਨੂੰ ਬਿਹਤਰ ਬਣਾਉਣਾ ਅਤੇ ਜੱਚਾ-ਬੱਚਾ ਕੇਂਦਰਾਂ ਵਿਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਲਾਜ ਕਰਵਾਉਣ ਆਈਆਂ ਗਰਭਵਤੀ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ | ਉਨ੍ਹਾਂ ਟ੍ਰੇਨਿੰਗ ਲੈਣ ਆਏ ਡਾਕਟਰਾਂ ਤੇ ਸਟਾਫ ਨਰਸਾਂ ਨੂੰ ਕਿਹਾ ਕਿ ਉਹ ਲਕਸ਼ੈ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਹਰੀਸ਼ ਕਿਰਪਾਲ ਨੇ ਦੱਸਿਆ ਕਿ ਲਕਸ਼ੈ ਪ੍ਰੋਗਰਾਮ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਟੈਂਡਰਡ ਦੇ ਮਾਪਦੰਡਾਂ 'ਤੇ ਆਧਾਰਿਤ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰੋਗਰਾਮ ਡਲਿਵਰੀ ਦੌਰਾਨ ਬਿਹਤਰ ਅਤੇ ਸਨਮਾਨਪੂਰਨ ਮਾਤ੍ਰਤਵ ਦੇਖਭਾਲ ਨੂੰ ਯਕੀਨੀ ਬਣਾਉਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨਾਲ ਜੱਚਾ ਬੱਚਾ ਮੌਤ ਦਰ ਵਿਚ ਕਮੀ ਆਏਗੀ | ਇਸ ਮੌਕੇ ਗਾਈਨੋਕੋਲੋਜਿਸਟ ਡਾ. ਮੋਨਿਕਾ ਜੈਨ ਵੱਲੋਂ ਹਾਜ਼ਰੀਨ ਨੂੰ ਮੈਟਰਨਲ ਕੇਅਰ ਅਤੇ ਸੀ-ਸੈਕਸ਼ਨ ਆਡਿਟ ਵਿਸ਼ੇ 'ਤੇ ਆਪਣਾ ਲੈਕਚਰ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਏ. ਐੱਚ. ਏ ਪੂਜਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ |