ਬਲਾਚੌਰ, 16 ਜੁਲਾਈ (ਨਰੇਸ਼ ਧੌਲ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਵਣ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਨਿਰਮਿਤ ਨਾਨਕ ਬਾਗੀਚੀ ਦਾ ਜਾਇਜ਼ਾ ਲਿਆ | ਲੈਫ. ਜਨਰਲ ਬਿਕਰਮ ਸਿੰਘ ਹਸਪਤਾਲ ਬਲਾਚੌਰ ਵਿਖੇ ਸਾਫ਼-ਸੁਥਰਾ ਅਤੇ ਹਰਾ-ਭਰਾ ਵਾਤਾਵਰਨ ਯਕੀਨੀ ਬਣਾਉਣ ਲਈ ਨਾਨਕ ਬਗੀਚੀ ਦਾ ਨਿਰਮਾਣ ਕੀਤਾ ਗਿਆ ਹੈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਤੇ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ | ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਨਾਨਕ ਬਾਗੀਚੀ, ਜਿਸ ਵਿਚ ਬੂਟਿਆਂ ਦੀਆਂ ਵੱਖ-ਵੱਖ ਕਿਸਮਾਂ ਲਗਾਈਆਂ ਗਈਆਂ ਹਨ ਨੂੰ ਜੈਵਿਕ ਵਿਵਿਧਤਾ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਨਿਵੇਕਲੀ ਪਹਿਲ ਦੱਸਿਆ ਹੈ | ਉਨ੍ਹਾਂ ਦੱਸਿਆ ਕਿ ਇਹ ਬਗੀਚੀ ਬਣਾਉਣ ਲਈ ਤਕਰੀਬਨ ਇੱਕ ਮੀਟਰ ਮਿੱਟੀ ਦੀ ਪੁਟਾਈ ਕਰਕੇ ਉਸ 'ਚ ਪੌਸ਼ਟਿਕ ਤੱਤ ਮਿਲਾਏ ਗਏ ਤਾਂ ਜੋ ਲਾਏ ਗਏ ਬੂਟਿਆਂ ਨੂੰ ਪੌਸ਼ਟਿਕ ਖੁਰਾਕ ਮਿਲਦੀ ਰਹੇ |