ਨਵਾਂਸ਼ਹਿਰ, 15 ਜੁਲਾਈ (ਜਸਬੀਰ ਸਿੰਘ ਨੂਰਪੁਰ) - ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਪੈਦਾਵਾਰ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਖੇਤੀਬਾੜੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਰਾਕੇਸ਼ ਕੁਮਾਰ ਸ਼ਰਮਾ ਕਨਵੀਨਰ ਖੇਤੀਬਾੜੀ ਪੈਦਾਵਾਰ ਕਮੇਟੀ ਤੋਂ ਇਲਾਵਾ ਖੇਤੀਬਾੜੀ ਨਾਲ ਸੰਬੰਧਿਤ ਮਹਿਕਮਿਆਂ ਦੇ ਅਧਿਕਾਰੀ ਅਤੇ ਕਿਸਾਨ ਮੈਂਬਰ ਸ਼ਾਮਿਲ ਹੋਏ | ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼ਹੀਦ ਭਗਤ ਸਿੰਘ ਨਗਰ ਵਲੋਂ ਹਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਫ਼ਸਲੀ ਵਿਭਿੰਨਤਾ ਅਤੇ ਬਾਗਾਂ ਦੀ ਕਾਸ਼ਤ ਸੰਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਰਵਾਇਤੀ ਫ਼ਸਲਾਂ ਹੇਠ ਰਕਬਾ ਕੱਢ ਕੇ ਬਾਗਾਂ ਅਤੇ ਸਬਜ਼ੀਆਂ ਹੇਠ ਲਿਆਂਦਾ ਜਾ ਸਕੇ | ਇਸ ਦੌਰਾਨ ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਆੜੂ, ਨਾਖਾਂ ਦੇ ਬਾਗਾਂ ਦੀ ਵਧੀਆ ਕਾਸ਼ਤ ਹੋ ਸਕਦੀ ਹੈ ਅਤੇ ਸਰਕਾਰ ਵਲੋਂ ਬਾਗਾਂ ਦੀ ਕਾਸ਼ਤ ਵਾਸਤੇ 50 ਹਜ਼ਾਰ ਰੁਪਏ ਸਬਸਿਡੀ ਪ੍ਰਤੀ ਹੈਕਟੇਅਰ ਦਿੱਤੀ ਜਾ ਰਹੀ ਹੈ ਜੋ ਕਿ ਪਹਿਲੇ ਸਾਲ 30 ਹਜ਼ਾਰ ਰੁਪਏ ਅਤੇ ਦੂਜੇ ਸਾਲ 20 ਹਜ਼ਾਰ ਰੁਪਏ ਦਿੱਤੀ ਜਾਵੇਗੀ | ਇਸ ਦੌਰਾਨ ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ਼ਹੀਦ ਭਗਤ ਸਿੰਘ ਨਗਰ ਜੀ ਖਾਦਾਂ ਦੀ ਆ ਰਹੀ ਕਿੱਲਤ ਸਬੰਧੀ ਮਾਰਕਫੈੱਡ ਅਤੇ ਇਫ਼ਕੇ ਨੂੰ ਨਿਰਦੇਸ਼ ਦਿੱਤਾ ਕਿ ਇਸ ਹਫ਼ਤੇ ਦੇ ਅੰਦਰ-ਅੰਦਰ ਖ਼ਾਦ ਦੀ ਥੋੜ੍ਹੀ-ਬਹੁਤ ਕਿੱਲਤ ਆ ਰਹੀ ਹੈ, ਉਸ ਨੂੰ ਦੂਰ ਕੀਤਾ ਜਾਵੇ | ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਦੱਸਿਆ ਗਿਆ ਕਿ ਨੈਸ਼ਨਲ ਫੂਡ ਸਕਿਊਰਟੀ ਮਿਸ਼ਨ ਅਧੀਨ ਕਿਸਾਨਾਂ ਨੂੰ 8 ਕੁਇੰਟਲ ਗਰਮ ਰੁੱਤ ਦੀ ਮੂੰਗੀ ਦਾ ਬੀਜ ਅਤੇ ਸਾਉਣੀ ਰੁੱਤ ਦੀ ਮੂੰਗੀ ਦਾ 5 ਕੁਇੰਟਲ ਬੀਜ 50 ਰੁਪਏ ਪ੍ਰਤੀ ਕਿੱਲੋ ਸਬਸਿਡੀ 'ਤੇ ਮੁਹੱਈਆ ਕਰਵਾਇਆ ਗਿਆ | ਫ਼ਸਲੀ ਵਿਭਿੰਨਤਾ ਸਕੀਮ ਅਧੀਨ ਮੱਕੀ ਦੀਆਂ 350 ਹੈਕਟੇਅਰ ਰਕਬੇ ਦੀਆਂ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ | ਇਸ ਸਮੇਂ ਮੀਟਿੰਗ ਦੌਰਾਨ ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਵਲੋਂ ਜ਼ਿਲ੍ਹੇ ਅੰਦਰ ਫ਼ਸਲੀ ਵਿਭਿੰਨਤਾ ਵਧਾਉਣ ਲਈ ਜ਼ਰੂਰੀ ਸੁਝਾਅ ਦਿੱਤੇ ਗਏ |